ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਅਧਿਆਪਨ ਸਟਾਫ ਨੇ ਸਕੂਲ ਵਿੱਚ ਇਸ ਪ੍ਰਗਤੀ ਲਈ ਖੁਸ਼ੀ ਪ੍ਰਗਟਾਈ
ਬਨੂੰੜ 12 ਮਾਰਚ ,ਬੋਲੇ ਪੰਜਾਬ ਬਿਊਰੋ;
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਵਿੱਚ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲਾਏ ਜਾ ਰਹੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੜੀ ਜਾਰੀ ਹੈ। ਇਸੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਐੱਸ.ਏ.ਐੱਸ. ਨਗਰ ਡਾ. ਗਿੰਨੀ ਦੁੱਗਲ ਦੀ ਦੇਖ-ਰੇਖ ਹੇਠ ਸਕੂਲ ਆਫ ਐਮੀਨੈਂਸ ਬਨੂੰੜ ਨੂੰ ਚਾਰ ਇੰਟਰੈਕਟਿਵ ਪੈਨਲ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਪੈਨਲਾਂ ਦੀ ਇੰਸਟਾਲੇਸ਼ਨ ਤੋਂ ਬਾਅਦ ਜਮਾਤਾਂ ਵਿੱਚ ਲਗਾਉਣ ਉਪਰੰਤ ਵਿਦਿਆਰਥੀਆਂ ਨੂੰ ਮਿਆਰੀ ਅਤੇ ਤਕਨੀਕੀ ਆਧਾਰਿਤ ਸਿੱਖਿਆ ਪ੍ਰਦਾਨ ਕਰਨ ਵਿੱਚ ਵੱਡੀ ਮਦਦ ਮਿਲੇਗੀ ਅਤੇ ਪੜ੍ਹਾਈ ਦਾ ਮਿਆਰ ਹੋਰ ਉੱਚਾ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਇੰਚਾਰਜ ਐਜੂਕੇਸ਼ਨ ਪਟਿਆਲਾ ਵਿਜੇ ਮੈਨਰੋ ਵੱਲੋਂ ਸਕੂਲ ਵਿੱਚ ਪਹੁੰਚ ਕੇ ਇੰਟਰੈਕਟਿਵ ਪੈਨਲਾਂ ਦੀ ਅਨਬਾਕਸਿੰਗ ਪ੍ਰਕਿਰਿਆ ਕਰਵਾਈ ਗਈ ਅਤੇ ਉਨ੍ਹਾਂ ਦੀ ਸਥਾਪਨਾ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਕਦਮ ਮਿਲਾ ਕੇ ਚੱਲਣ ਲਈ ਆਧੁਨਿਕ ਤਕਨਾਲੋਜੀ ਨਾਲ ਜੋੜਨਾ ਹੈ, ਤਾਂ ਜੋ ਬੱਚਿਆਂ ਦੀ ਪੜ੍ਹਾਈ ਹੋਰ ਵੀ ਰੁਚਿਕਰ ਅਤੇ ਪ੍ਰਭਾਵਸ਼ਾਲੀ ਬਣ ਸਕੇ।
ਸਕੂਲ ਦੀ ਪ੍ਰਿੰਸੀਪਲ ਰਿਤੂ ਬਾਲਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇੰਟਰੈਕਟਿਵ ਪੈਨਲਾਂ ਰਾਹੀਂ ਅਧਿਆਪਕਾਂ ਲਈ ਪੜ੍ਹਾਉਣ ਵਿੱਚ ਕਾਫ਼ੀ ਆਸਾਨੀ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਡਿਜ਼ੀਟਲ ਮਾਧਿਅਮ ਰਾਹੀਂ ਵਿਸ਼ਿਆਂ ਨੂੰ ਸਮਝਣ ਦਾ ਵਧੀਆ ਮੌਕਾ ਮਿਲੇਗਾ।
ਇਸ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਸਕੂਲ ਇੰਚਾਰਜ ਅਤੇ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਭਰਪੂਰ ਸਰਾਹਨਾ ਕੀਤੀ ਅਤੇ ਇਸ ਮਹੱਤਵਪੂਰਨ ਪਹਿਲ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਵਧੇਗੀ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਮੌਕੇ ਰਜਤ ਗੁਪਤਾ ਇੰਚਾਰਜ ਬਨੂੜ ਆਮ ਆਦਮੀ ਪਾਰਟੀ, ਲੱਖੀ ਸੰਧੂ ਬਲਾਕ ਪ੍ਰਧਾਨ ਬਨੂੜ, ਭਜਨ ਲਾਲ ਨੰਦਾ ਕੌਂਸਲਰ ਅਤੇ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਚੇਅਰਮੈਨ ਐੱਸ.ਐੱਮ.ਸੀ., ਬਲਜੀਤ ਸਿੰਘ ਮਿਊਂਸੀਪਲ ਕੌਂਸਲਰ, ਜਤਿੰਦਰ ਕੁਮਾਰ ਗੋਲਡੀ, ਰਮੇਸ਼ ਕੁਮਾਰ, ਬਿੰਦੂ ਸਿੰਗਲਾ ਲੈਕਚਰਾਰ, ਗੁਰਸ਼ਰਨ ਸਿੰਘ ਮੈਥ ਮਾਸਟਰ, ਰਾਜਿੰਦਰ ਸਿੰਘ ਚਾਨੀ, ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।












