ਪਟਿਆਲ਼ਾ : ਬੀਐਮਡਬਲਿਊ ਕਾਰ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ, ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ
ਪਟਿਆਲ਼ਾ, 28 ਜੂਨ, ਬੋਲੇ ਪੰਜਾਬ ਬਿਊਰੋ :
ਪਟਿਆਲਾ-ਪਿਹੋਵਾ ਹਾਈਵੇ ‘ਤੇ ਪਿੰਡ ਅਕਬਰਪੁਰ ਅਫਗਾਨਾ ਨੇੜੇ ਬੀਐਮਡਬਲਿਊ ਕਾਰ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਰਾਏ ਸਾਹਿਬ ਵਾਸੀ ਪਿੰਡ ਰੋਹੜ ਜਗੀਰ ਨੇ ਥਾਣਾ ਜੁਲਕਾਂ ‘ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਭਰਾ ਸੰਦੀਪ ਸਿੰਘ ਪੁੱਤਰ ਰਾਏ ਸਾਹਿਬ ਵਾਸੀ ਪਿੰਡ ਰੋਹੜ ਜਗੀਰ ਅਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੋਹੜ ਜਗੀਰ ਆਪਣੀ BMW ਕਾਰ ਵਿੱਚ ਪਿੰਡ ਰੋਹੜ ਆ ਰਹੇ ਸਨ।
ਰਾਤ ਕਰੀਬ 2 ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਡੇਰਾ ਘੁਲੇ ਪਿੰਡ ਅਕਬਰਪੁਰ ਅਫਗਾਨਾ ਨੇੜੇ ਪਹੁੰਚੇ ਤਾਂ ਇਕ ਕੈਂਟਰ ਦੇ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾ ਕੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੂੰ ਓਵਰਟੇਕ ਕਰ ਲਿਆ। ਇਸ ਕਾਰਨ ਕੈਂਟਰ ਨੇ ਸੰਦੀਪ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਕਾਰ ਦੂਜੇ ਕੈਂਟਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ‘ਚ ਸਵਾਰ ਦੋਵੇਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ.ਓ. ਗੁਰਪ੍ਰੀਤ ਸਿੰਘ ਭਿੰਡਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਰਜਿੰਦਰਾ ਹਸਪਤਾਲ ਪਹੁੰਚਾਇਆ।ਪੋਸਟਮਾਰਟਮ ਤੋਂ ਬਾਅਦ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲੀਸ ਨੇ ਕੈਂਟਰ ਚਾਲਕ ਓਮ ਪ੍ਰਕਾਸ਼ ਪੁੱਤਰ ਕਾਲੂ ਰਾਮ ਵਾਸੀ ਪਿੰਡ ਮੀਰਾਂਪੁਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












