ਤੇਲੰਗਾਨਾ ਸਰਕਾਰ ਨੇ ਗੌਤਮ ਅਡਾਨੀ ਵਲੋਂ ਦਿੱਤਾ ਗਿਆ 100 ਕਰੋੜ ਰੁਪਏ ਦਾ ਦਾਨ ਠੁਕਰਾਇਆ
ਹੈਦਰਾਬਾਦ, 26 ਨਵੰਬਰ,ਬੋਲੇ ਪੰਜਾਬ ਬਿਊਰੋ :
ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਕਿਹਾ ਕਿ ਸੂਬਾ ਸਰਕਾਰ ਇੱਥੇ ਸਥਾਪਤ ਕੀਤੀ ਜਾ ਰਹੀ ਯੰਗ ਇੰਡੀਆ ਸਕਿੱਲ ਯੂਨੀਵਰਸਿਟੀ ਲਈ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਵਲੋਂ ਦਿਤੇ ਗਏ 100 ਕਰੋੜ ਰੁਪਏ ਦੇ ਦਾਨ ਨੂੰ ਮਨਜ਼ੂਰ ਨਹੀਂ ਕਰੇਗੀ।
ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਅਡਾਨੀ ਦੇ ਐਲਾਨ ਨਾਲ ਬੇਲੋੜੀ ਚਰਚਾ ਸ਼ੁਰੂ ਹੋ ਗਈ ਸੀ ਕਿ ਜੇਕਰ ਦਾਨ ਮਨਜ਼ੂਰ ਕਰ ਲਿਆ ਜਾਂਦਾ ਹੈ ਤਾਂ ਇਹ ਸੂਬਾ ਸਰਕਾਰ ਜਾਂ ਮੁੱਖ ਮੰਤਰੀ ਦੇ ਹੱਕ ਵਿਚ ਜਾਪਦਾ ਹੈ।
ਉਨ੍ਹਾਂ ਕਿਹਾ, ‘‘ਹੁਣ ਤਕ ਤੇਲੰਗਾਨਾ ਸਰਕਾਰ ਨੇ ਅਡਾਨੀ ਸਮੂਹ ਸਮੇਤ ਕਿਸੇ ਵੀ ਸੰਗਠਨ ਤੋਂ ਅਪਣੇ ਖਾਤੇ ’ਚ ਇਕ ਰੁਪਿਆ ਵੀ ਮਨਜ਼ੂਰ ਨਹੀਂ ਕੀਤਾ ਹੈ।’’ ਰੈੱਡੀ ਨੇ ਕਿਹਾ, ‘‘ਮੈਂ ਅਤੇ ਮੇਰੇ ਕੈਬਨਿਟ ਸਾਥੀ ਬੇਲੋੜੀ ਚਰਚਾ ਅਤੇ ਅਜਿਹੀਆਂ ਸਥਿਤੀਆਂ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਜੋ ਰਾਜ ਸਰਕਾਰ ਜਾਂ ਮੇਰੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਸਾਡੇ ਅਧਿਕਾਰੀ ਜਯੇਸ਼ ਰੰਜਨ ਨੇ ਰਾਜ ਸਰਕਾਰ ਵਲੋਂ ਅਡਾਨੀ ਨੂੰ ਚਿੱਠੀ ਲਿਖੀ ਹੈ।’’














