ਅੰਮ੍ਰਿਤਸਰ, 28 ਦਸੰਬਰ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਪੁਲਿਸ ਥਾਣਾ ਇਸਲਾਮਾਬਾਦ ’ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਮ ਗੁਰਜੀਤ ਸਿੰਘ ਨਿਵਾਸੀ ਪਿੰਡ ਡੰਡੇ (ਅੰਮ੍ਰਿਤਸਰ ਦਿਹਾਤੀ ) ਅਤੇ ਬਲਜੀਤ ਸਿੰਘ ਨਿਵਾਸੀ ਪਿੰਡ ਛਾਪੇ (ਤਰਨਤਾਰਨ) ਹਨ। ਇਨ੍ਹਾਂ ਮੁਲਜ਼ਮਾਂ ਤੋਂ ਪੁਲਿਸ ਨੇ ਸਵਾ ਕਿਲੋ ਹੈਰੋਇਨ, ਇੱਕ ਗ੍ਰਨੇਡ ਅਤੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ।
ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹ ਦੋਵੇਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਹਨ। ਇਸ ਗੈਰਕਾਨੂੰਨੀ ਕਾਰੋਬਾਰ ਵਿੱਚ ਇਹ ਦੋਵੇਂ ਕਈ ਮਹੀਨਿਆਂ ਤੋਂ ਸਰਗਰਮ ਸਨ। ਦੋਵੇਂ ਵਿਦੇਸ਼ ਵਿੱਚ ਬੈਠੇ ਬਦਮਾਸ਼ ਹੈਪੀ ਪਾਸੀਆ ਨਾਲ ਸੰਪਰਕ ਵਿੱਚ ਸਨ ਅਤੇ ਹੈਪੀ ਪਾਸੀਆ ਦੇ ਕਹਿਣ ’ਤੇ ਹੀ ਉਨ੍ਹਾਂ ਨੇ ਥਾਣਾ ਇਸਲਾਮਾਬਾਦ ਵਿੱਚ ਗ੍ਰਨੇਡ ਸੁੱਟਣ ਦੀ ਸਾਜ਼ਿਸ਼ ਰਚੀ ਸੀ।












