ਪਟਿਆਲਾ, 8 ਮਾਰਚ,ਬੋਲੇ ਪੰਜਾਬ ਬਿਊਰੋ:
ਸ਼ਹਿਰ ਦੇ 23 ਨੰਬਰ ਫਾਟਕ ਨੇੜੇ ਸ਼ੁੱਕਰਵਾਰ ਦੇਰ ਸ਼ਾਮ ਨਸ਼ਾ ਤਸਕਰ ਅਤੇ ਪੁਲਿਸ ਵਿਚਕਾਰ ਗੋਲੀਬਾਰੀ ਹੋਈ, ਜਿਸ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ।ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਪੁਲਿਸ ਨੇ ਬੀਤੇ ਦਿਨ ਚੋਰੀ ਦੇ ਕੇਸ ਵਿੱਚ ਦੇਵੀ ਨਾਮਕ ਵਿਅਕਤੀ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਗ੍ਰਿਫ਼ਤਾਰੀ ਦੌਰਾਨ 11 ਪਾਬੰਦੀਸ਼ੁਦਾ ਗੋਲੀਆਂ ਵੀ ਬਰਾਮਦ ਕੀਤੀਆਂ।
ਪੁੱਛਗਿੱਛ ਦੌਰਾਨ ਦੇਵੀ ਨੇ ਕਬੂਲਿਆ ਕਿ ਉਸ ਨੇ 23 ਨੰਬਰ ਫਾਟਕ ਕੋਲ ਅਸਲਾ ਦੱਬ ਕੇ ਰੱਖਿਆ ਹੋਇਆ ਹੈ। ਇਸ ਜਾਣਕਾਰੀ ’ਤੇ ਪੁਲਿਸ ਟੀਮ, ਮੁਲਜ਼ਮ ਨੂੰ ਨਾਲ ਲੈ ਕੇ ਅਸਲਾ ਬਰਾਮਦ ਕਰਨ ਪਹੁੰਚੀ। ਉਥੇ ਪਹੁੰਚਦੇ ਹੀ, ਮੁਲਜ਼ਮ ਨੇ ਪੁਲਿਸ ਦੇ ਹੱਥੋਂ ਪਿਸਤੋਲ ਖੋਹ ਕੇ ਏਐਸਆਈ ਤਾਰਾ ਚੰਦ ’ਤੇ ਗੋਲੀ ਚਲਾ ਦਿੱਤੀ।
ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਏਐਸਆਈ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ। ਇੱਕ ਗੋਲੀ ਮੁਲਜ਼ਮ ਦੀ ਲੱਤ ‘ਚ ਲੱਗੀ, ਜਿਸ ਕਾਰਨ ਉਹ ਜਖ਼ਮੀ ਹੋ ਗਿਆ। ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਕਾਬੂ ਕਰਕੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ।ਘਟਨਾ ਵਾਲੀ ਜਗ੍ਹਾ ਤੋਂ ਪੁਲਿਸ ਨੇ ਇੱਕ ਪਿਸਤੋਲ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਹਨ।












