ਦੋਰਾਹਾ, 26 ਮਾਰਚ,ਬੋਲੇ ਪੰਜਾਬ ਬਿਊਰੋ :
ਦੋਰਾਹਾ ਨਗਰ ਕੌਂਸਲ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਕਈ ਨਾਮੀ ਕੰਪਨੀਆਂ ਦੇ ਸ਼ੋਰੂਮ ਸੀਲ ਕਰ ਦਿੱਤੇ। ਇਨ੍ਹਾਂ ਵਿੱਚ ਮਾਰੂਤੀ ਤੇ ਪਲਾਟੀਨਮ ਹੋਂਡਾ ਦੇ ਸ਼ੋਰੂਮ ਸ਼ਾਮਲ ਹਨ। ਇਹਨਾਂ ਨੇ ਕਈ ਸਾਲਾਂ ਤੋਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਸੀ।
ਨਗਰ ਕੌਂਸਲ ਦੇ ਇ.ਓ. ਹਰਨਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ, ਜੋ ਵੀ ਵਿਅਕਤੀ ਪ੍ਰਾਪਰਟੀ ਟੈਕਸ ਨਹੀਂ ਭਰ ਰਹੇ, ਉਨ੍ਹਾਂ ਦੀ ਸੰਪਤੀ ਨਗਰ ਕੌਂਸਲ ਐਕਟ ਅਧੀਨ ਸੀਲ ਕੀਤੀ ਜਾਵੇਗੀ। ਦੋਰਾਹਾ ਵਿੱਚ 2013-14 ਤੋਂ ਬਕਾਇਆ ਰਹੇ ਵੱਡੇ ਸੰਸਥਾਨਾਂ ਨੂੰ ਕਈ ਵਾਰ ਨੋਟਿਸ ਭੇਜੇ ਗਏ, ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਕਾਰਵਾਈ ਦੇ ਤਹਿਤ ਲਗਭਗ 10 ਸੰਪਤੀਆਂ ਸੀਲ ਕੀਤੀਆਂ ਗਈਆਂ, ਜਿਨ੍ਹਾਂ ’ਤੇ ਲਗਭਗ 7 ਲੱਖ ਰੁਪਏ ਦਾ ਬਕਾਇਆ ਟੈਕਸ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਬਕਾਏਦਾਰਾਂ ਖਿਲਾਫ਼ ਵੀ ਇਹੋ ਜਿਹੀ ਕਾਰਵਾਈ ਹੋਵੇਗੀ। ਜਿਨ੍ਹਾਂ ਦੀ ਸੰਪਤੀ ਸੀਲ ਹੋਈ, ਉਹ ਨਿਯਮ ਅਨੁਸਾਰ ਟੈਕਸ ਭਰ ਕੇ ਆਪਣੀ ਸੰਪਤੀ ਖੁਲਵਾ ਸਕਦੇ ਹਨ।












