ਲੁਧਿਆਣਾ, 1 ਅਪ੍ਰੈਲ,ਬੋਲੇ ਪੰਜਾਬ ਬਿਊਰੋ :
31 ਮਾਰਚ ਨੂੰ ਜਦੋਂ ਸ਼ਰਾਬ ਦੇ ਠੇਕੇ ਟੁੱਟ ਤਾਂ ਸ਼ਰਾਬੀਆਂ ਨੂੰ ਮੌਜਾਂ ਲੱਗ ਗਈਆਂ, ਕਿਉਂਕਿ ਇੱਥੇ ਔਸਤਨ 50 ਫੀਸਦੀ ਸਸਤੀ (ਅੱਧੇ ਰੇਟ) ‘ਤੇ ਸ਼ਰਾਬ ਮਿਲੀ। ਸੋਮਵਾਰ ਨੂੰ ਮਹਾਨਗਰ ‘ਚ ਲੋਕ ਸ਼ਰਾਬ ਦੀਆਂ ਪੇਟੀਆਂ ਲੈ ਕੇ ਜਾਂਦੇ ਦੇਖੇ ਗਏ। ਨਵੀਂ ਆਬਕਾਰੀ ਨੀਤੀ 2025-26 ਤਹਿਤ 1 ਅਪ੍ਰੈਲ 2025 ਤੋਂ ਨਵੇਂ ਠੇਕੇਦਾਰ ਆਪਣੀਆਂ ਦੁਕਾਨਾਂ ਖੋਲ੍ਹਣਗੇ ਪਰ ਨਵੇਂ ਠੇਕੇ ਖੁੱਲ੍ਹਣ ਤੋਂ ਇਕ ਦਿਨ ਪਹਿਲਾਂ ਹੀ ਲੋਕਾਂ ਨੇ ਸ਼ਰਾਬ ਦਾ ਭਾਰੀ ਕੋਟਾ ਚੁੱਕ ਲਿਆ।
ਸ਼ਰਾਬ ਦੇ ਭਾਅ ਸਸਤੇ ਹੁੰਦੇ ਹੀ ਸ਼ਰਾਬੀ ਦੁਕਾਨਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਵੀ ਸੁਣਨ ਵਿਚ ਆਇਆ ਹੈ ਕਿ ਆਪਣੇ ਸਟਾਕ ਨੂੰ ਕਲੀਅਰ ਕਰਨ ਲਈ ਲਾਇਸੰਸਸ਼ੁਦਾ ਠੇਕੇਦਾਰਾਂ ਨੇ ਰੇਟ ਟੂ ਰੇਟ ‘ਤੇ ਸ਼ਰਾਬ ਵੇਚੀ। ਇਸ ਦੇ ਨਾਲ ਹੀ ਸ਼ਰਾਬ ਦੇ ਸ਼ੌਕੀਨਾਂ ਨੇ 1 ਬੋਤਲ ਦੀ ਬਜਾਏ 2-2, 3-3 ਪੇਟੀਆਂ ਚੁੱਕੀਆਂ। ਦੱਸ ਦਈਏ ਕਿ ਜਿਵੇਂ-ਜਿਵੇਂ ਸ਼ਾਮ ਢਲਦੀ ਗਈ ਤਾਂ ਸ਼ਰਾਬ ਦੇ ਠੇਕਿਆਂ ‘ਤੇ ਹਰ ਉਮਰ ਦੇ ਲੋਕ ਸ਼ਰਾਬ ਖਰੀਦਣ ਲਈ ਪੁੱਜੇ ਹੋਏ ਸਨ। ਕੁਝ ਤਾਂ ਸਸਤੀ ਸ਼ਰਾਬ ਦੇ ਚੱਕਰ ‘ਚ ਨਸ਼ੇ ‘ਚ ਟੱਲੀ ਹੋ ਕੇ ਸੜਕ ‘ਤੇ ਦੇਖੇ ਗਏ, ਜਦਕਿ ਕੁਝ ਸ਼ਰਾਬ ਦੀਆਂ ਪੇਟੀਆਂ ਲੈ ਕੇ ਜਾਂਦੇ ਦੇਖੇ ਗਏ।












