ਅੰਮ੍ਰਿਤਸਰ, 8 ਅਪ੍ਰੈਲ,ਬੋਲੇ ਪੰਜਾਬ ਬਿਊਰੋ ;
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਨਸ਼ੇ ਦੀ ਤਸਕਰੀ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਹੈ। ਬੈਂਕਾਕ ਤੋਂ ਆ ਰਹੇ ਇਕ ਯਾਤਰੀ ਕੋਲੋਂ 7.7 ਕਿਲੋਗ੍ਰਾਮ ਗਾਂਜਾ ਕਬਜ਼ੇ ਵਿੱਚ ਲੈ ਲਿਆ, ਜਿਸ ਦੀ ਅੰਦਾਜ਼ੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ, ਯਾਤਰੀ ਦੀ ਪਛਾਣ ਚੰਨਣ ਸਿੰਘ ਵਜੋਂ ਹੋਈ ਹੈ ਜੋ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ IX 167 ਰਾਹੀਂ ਅੰਮ੍ਰਿਤਸਰ ਪੁੱਜਿਆ ਸੀ। ਕਸਟਮ ਅਧਿਕਾਰੀਆਂ ਨੂੰ ਉਸ ਦੀ ਹਰਕਤਾਂ ’ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸਦੇ ਸਮਾਨ ਦੀ ਤਲਾਸ਼ੀ ਲਈ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੇ ਗਾਂਜਾ ਚਿਪਸ ਅਤੇ ਕੈਂਡੀ ਦੇ ਡੱਬਿਆਂ ਵਿੱਚ ਲੁਕਾ ਰੱਖਿਆ ਸੀ, ਜੋ ਕੱਪੜਿਆਂ ਵਿੱਚ ਗੁਪਤ ਢੰਗ ਨਾਲ ਛੁਪਾਇਆ ਗਿਆ ਸੀ।
ਕਸਟਮ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਚੰਨਣ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਉਸਦੇ ਪਿਛੋਕੜ ਅਤੇ ਸੰਭਾਵਿਤ ਸਾਥੀਆਂ ਬਾਰੇ ਪੁੱਛਗਿੱਛ ਕਰ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚੰਨਣ ਸਿੰਘ ਹਾਲ ਹੀ ਵਿੱਚ ਬੈਂਕਾਕ ਗਿਆ ਸੀ ਅਤੇ ਉਸ ਕੋਲ ਭਾਰਤੀ ਪਾਸਪੋਰਟ ਹੈ।












