ਚੰਡੀਗੜ੍ਹ, 9 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਸੈਕਟਰ-22 ਸਥਿਤ ਇਕ ਸ਼ੋਅਰੂਮ ਦੀ ਪਹਿਲੀ ਮੰਜ਼ਿਲ ‘ਤੇ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਆਸਪਾਸ ਦੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਕਾਰਨ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਹੈ। ਫਾਇਰ ਬ੍ਰਿਗੇਡ ਅਧਿਕਾਰੀ ਲਾਲ ਬਹਾਦੁਰ ਗੌਤਮ ਨੇ ਦੱਸਿਆ ਕਿ ਅੱਗ ਕਾਰਨ ਦੂਜੀ ਮੰਜ਼ਿਲ ‘ਤੇ ਸਥਿਤ ਦਫਤਰ ‘ਚ ਚਾਰ ਲੜਕੀਆਂ ਫਸ ਗਈਆਂ ਸਨ ਅਤੇ ਉਨ੍ਹਾਂ ਨੂੰ ਪਿਛਲੇ ਦਰਵਾਜ਼ੇ ਤੋਂ ਪੌੜੀ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ।
ਅੱਗ ਬੁਝਾਊ ਵਿਭਾਗ ਨੂੰ ਸਵੇਰੇ 10:52 ਵਜੇ ਸੈਕਟਰ 22 ਸਥਿਤ ਐਸਸੀਓ ਨੰਬਰ 2,417 ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਅੱਗ ਨਾਲ ਪਹਿਲੀ ਮੰਜ਼ਿਲ ‘ਤੇ ਕਮਰਾ ਨੰਬਰ 5, 6 ਅਤੇ 7 ‘ਚ ਰੱਖੀ ਐਕਸਰੇ ਮਸ਼ੀਨ, ਏ.ਸੀ., ਕੰਪਿਊਟਰ ਅਤੇ ਕੁਝ ਹੋਰ ਇਲੈਕਟ੍ਰਾਨਿਕ ਸਮਾਨ ਸੜ ਗਿਆ।ਅੱਗ ਬੁਝਾਊ ਵਿਭਾਗ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ












