ਤਰਨਤਾਰਨ, 10 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਤਰਨਤਾਰਨ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ‘ਚ ਘਰ ‘ਚ ਸਹਿਜ ਪਾਠ ਕਰ ਰਹੀ ਗੁਰਸਿੱਖ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ 35 ਸਾਲਾ ਗੁਰਪ੍ਰੀਤ ਕੌਰ ਪਤਨੀ ਗੁਰਦਿਆਲ ਸਿੰਘ ਵਾਸੀ ਪਿੰਡ ਕੰਗ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਘਟਨਾ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅੰਜਾਮ ਦਿੱਤਾ ਜਦੋਂ ਗੁਰਪ੍ਰੀਤ ਕੌਰ ਘਰ ਵਿੱਚ ਸਹਿਜ ਪਾਠ ਕਰ ਰਹੀ ਸੀ। ਉਸ ਸਮੇਂ ਗੁਰਪ੍ਰੀਤ ਕੌਰ ਦੀ ਇੱਕ ਸਾਲ ਦੀ ਬੱਚੀ ਵੀ ਘਰ ਵਿੱਚ ਮੌਜੂਦ ਸੀ।
ਗੁਰਪ੍ਰੀਤ ਕੌਰ ਦਾ ਸੱਤ ਸਾਲਾ ਪੁੱਤਰ ਅਗਮਪ੍ਰੀਤ ਸਿੰਘ ਜਦੋਂ ਸਕੂਲ ਤੋਂ ਘਰ ਪਰਤਿਆ ਤਾਂ ਉਸ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੂੰ ਘਟਨਾ ਬਾਰੇ ਪਤਾ ਲੱਗਾ। ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਫਿਲਹਾਲ ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।












