ਦੀਨਾਨਗਰ, 10 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਮਕੌੜਾ ਪੱਤਣ ’ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਕਿਸਾਨ ਆਪਣੇ ਟਰੈਕਟਰ-ਟਰਾਲੀ ਵਿੱਚ ਗੰਨਾ ਲੈ ਕੇ ਜਾ ਰਿਹਾ ਸੀ। ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰਾਲੀ ਦਰਿਆ ਵਿੱਚ ਜਾ ਡਿੱਗੀ।
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਵੀ ਦਰਿਆ ਦੇ ਪਾਰ ਪੈਂਦੇ ਪਿੰਡ ਝੂੰਮਰ ਦਾ ਇੱਕ ਕਿਸਾਨ ਆਪਣੇ ਟਰੈਕਟਰ-ਟਰਾਲੀ ਵਿੱਚ ਗੰਨਾ ਲੱਦ ਕੇ ਪਨਿਆੜ ਮਿੱਲ ਵੱਲ ਜਾ ਰਿਹਾ ਸੀ। ਜਦੋਂ ਇਹ ਮਕੌੜਾ ਪੱਤਣ ‘ਤੇ ਪਲਟਨ ਪੁਲ ਤੋਂ ਲੰਘ ਰਿਹਾ ਸੀ ਤਾਂ ਪੁਲ ਦੇ ਕਿਨਾਰੇ ‘ਤੇ ਪਹੁੰਚਦਿਆਂ ਹੀ ਟਰੈਕਟਰ ਉੱਪਰ ਚੜ੍ਹਨ ਲੱਗਾ।ਫਿਰ ਅਚਾਨਕ ਟਰੈਕਟਰ ਸੰਤੁਲਨ ਗੁਆ ਬੈਠਾ, ਜਿਸ ਕਾਰਨ ਟਰਾਲੀ ਪਿੱਛੇ ਤੋਂ ਤਿਲਕ ਕੇ ਸਿੱਧੀ ਨਦੀ ਵਿੱਚ ਜਾ ਡਿੱਗੀ। ਟਰੈਕਟਰ ਚਾਲਕ ਨੇ ਸਮੇਂ ਸਿਰ ਟਰੈਕਟਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਲਾਂਕਿ ਇਸ ਹਾਦਸੇ ਵਿੱਚ ਕਿਸਾਨ ਦੇ ਗੰਨੇ ਅਤੇ ਟਰਾਲੀ ਦਾ ਭਾਰੀ ਨੁਕਸਾਨ ਹੋਇਆ ਹੈ।












