ਪੱਟੀ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਤਰਨਤਾਰਨ ਦੇ ਪੱਟੀ ਇਲਾਕੇ ਵਿਚ ਜ਼ਮੀਨੀ ਵਿਵਾਦ ਕਾਰਨ ਗੋਲ਼ੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਕੱਲ੍ਹ ਕੁੱਲਾ ਰੋਡ ਦੀਆਂ ਬਹਿਕਾਂ ’ਤੇ ਹੋਈ ਫਾਇਰਿੰਗ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਕੋਟ ਧੁੰਨਾ ਪਿੰਡ ਵਾਸੀ ਬਰਿੰਦਰਬੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਵਿਵਾਦਕਾਰੀ ਜ਼ਮੀਨ ਇਸ਼ਟਪ੍ਰਤਾਪ ਸਿੰਘ ਦੇ ਦਾਦੇ ਵੱਲੋਂ ਨਵਤੇਜ ਸਿੰਘ ਅਤੇ ਜਗਬੀਰ ਸਿੰਘ ਨੂੰ ਦਿੱਤੀ ਗਈ ਸੀ, ਪਰ ਮੌਤ ਤੋਂ ਬਾਅਦ ਇਸ਼ਟਪ੍ਰਤਾਪ ਨੇ ਰਜਿਸਟਰੀ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਕੇਸ ਕੋਰਟ ਵਿਚ ਚੱਲ ਰਿਹਾ ਸੀ।
ਹਮਲੇ ਵੇਲੇ ਬਰਿੰਦਰਬੀਰ ਸਿੰਘ ਆਪਣੇ ਸਾਥੀਆਂ ਸਮੇਤ ਝਗੜੇ ਵਾਲੀ ਜ਼ਮੀਨ ’ਚ ਕਮਰੇ ’ਚ ਮੌਜੂਦ ਸੀ। ਫਾਰਚੂਨਰ ਸਵਾਰ ਹਮਲਾਵਰਾਂ ਨੇ ਅਚਾਨਕ ਆ ਕੇ ਗੋਲ਼ੀਆਂ ਚਲਾਈਆਂ, ਜਿਸ ਦੌਰਾਨ ਦੋ ਗੋਲ਼ੀਆਂ ਲੱਗਣ ਨਾਲ ਬਰਿੰਦਰਬੀਰ ਦੀ ਮੌਤ ਹੋ ਗਈ। ਹਮਲਾਵਰ ਫ਼ਰਾਰ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।












