ਲੁਧਿਆਣਾ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ:
ਲੁਧਿਆਣਾ ‘ਚ ਬੀਤੇ ਦਿਨ ਸਿਹਤ ਵਿਭਾਗ ਦੀ ਟੀਮ ਨੇ ਸੁਭਾਨੀ ਬਿਲਡਿੰਗ ਨੇੜੇ ਲੱਸੀ ਚੌਕ ‘ਤੇ ਸਥਿਤ ਇਕ ਮਸ਼ਹੂਰ ਦੁਕਾਨ ‘ਤੇ ਛਾਪਾ ਮਾਰਿਆ। ਇਸ ਕਾਰਵਾਈ ਦੀ ਖ਼ਬਰ ਫੈਲਦੇ ਹੀ ਲੱਖਾ ਬਾਜ਼ਾਰ ਦੇ ਮਠਿਆਈ ਦੇ ਦੁਕਾਨਦਾਰਾਂ ਵਿੱਚ ਹੜਕੰਪ ਮਚ ਗਿਆ। ਸਿਹਤ ਵਿਭਾਗ ਦੀ ਟੀਮ ਦੇ ਆਉਣ ‘ਤੇ ਬਾਜ਼ਾਰ ਅਜੇ ਖੁੱਲ੍ਹਿਆ ਹੀ ਸੀ, ਜਿਸ ਤੋਂ ਬਾਅਦ ਮਠਿਆਈ ਅਤੇ ਲੱਸੀ ਵਿਕਰੇਤਾ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਕੇ ਭੱਜ ਗਏ।
ਇਸ ਛਾਪੇਮਾਰੀ ਦੌਰਾਨ ਟੀਮ ਨੇ ਵੱਖ-ਵੱਖ ਦੁੱਧ ਪਦਾਰਥਾਂ ਦੇ ਸੈਂਪਲ ਲਏ ਅਤੇ ਇਨ੍ਹਾਂ ਸੈਂਪਲਾਂ ਨੂੰ ਗੁਣਵੱਤਾ ਜਾਂਚ ਲਈ ਫੂਡ ਟੈਸਟਿੰਗ ਲੈਬ ਵਿੱਚ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਕ ਡੇਅਰੀ ਸੰਚਾਲਕ ਨੇ ਲੱਸੀ ਚੌਕ ਦੀਆਂ ਕੁਝ ਦੁਕਾਨਾਂ ਤੋਂ ਮੈਰਿਜ ਪੈਲੇਸਾਂ ਨੂੰ ਨਕਲੀ ਪਨੀਰ, ਮੱਖਣ ਅਤੇ ਦਹੀਂ ਸਪਲਾਈ ਹੋਣ ਦੀ ਸ਼ਿਕਾਇਤ ਕੀਤੀ ਸੀ। ਇਸ ’ਤੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਥਾਣਾ ਡਵੀਜ਼ਨ-2 ਦੀ ਪੁਲੀਸ ਨਾਲ ਲੱਸੀ ਚੌਕ ’ਤੇ ਛਾਪਾ ਮਾਰ ਕੇ ਸਪਲਾਈ ਲਈ ਆਏ ਦੁੱਧ ਪਦਾਰਥਾਂ ਨੂੰ ਜ਼ਬਤ ਕਰਕੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ।












