ਰੋਮ, 21 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਕੈਥੋਲਿਕ ਧਰਮ ਦੇ ਉੱਚ ਧਾਰਮਿਕ ਗੁਰੂ ਪੋਪ ਫਰਾਂਸਿਸ ਦਾ ਅੱਜ ਸਵੇਰੇ 7:35 ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 88 ਸਾਲ ਸੀ।
ਵੈਟੀਕਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ 14 ਫਰਵਰੀ ਨੂੰ ਉਨ੍ਹਾਂ ਨੂੰ ਰੋਮ ਦੇ ਜੈਮੈਲੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹ ਨਮੂਨੀਆ ਅਤੇ ਅਨੀਮੀਆ ਨਾਲ ਸੰਘਰਸ਼ ਕਰ ਰਹੇ ਸਨ। ਫੇਫੜਿਆਂ ਦੀ ਇਨਫੈਕਸ਼ਨ ਦੇ ਚਲਦੇ ਉਹ ਲਗਭਗ 5 ਹਫ਼ਤੇ ਤੱਕ ਹਸਪਤਾਲ ’ਚ ਰਹੇ।
ਵੈਟੀਕਨ ਨੇ ਦੱਸਿਆ ਕਿ ਇਲਾਜ ਦੌਰਾਨ ਉਨ੍ਹਾਂ ਦੀ ਖੂਨ ਦੀ ਜਾਂਚ ਵਿੱਚ ਗੁਰਦਿਆਂ ਦੀ ਕਮਜ਼ੋਰੀ ਅਤੇ ਪਲੇਟਲੈਟਸ ਦੀ ਘਾਟ ਸਾਹਮਣੇ ਆਈ ਸੀ। ਹਾਲਾਂਕਿ, ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਸੀ।
ਪੋਪ ਫਰਾਂਸਿਸ ਦੇ ਦਿਹਾਂਤ ਨਾਲ ਸਾਰੀ ਦੁਨੀਆ ਵਿਚ ਕੈਥੋਲਿਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।















