ਮਾਨਸਾ -20 -ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਸਾਰਿਆਂ ਲਈ ਰੁਜ਼ਗਾਰ ਗਾਰੰਟੀ ਐਕਟ ਬਣਾਏ ਜਾਣ, ਕੰਮ ਦਿਹਾੜੀ ਅੱਠ ਦੀ ਬਜਾਇ ਛੇ ਘੰਟੇ ਕੀਤੇ ਜਾਣ, ਕੰਮ ਹਫ਼ਤਾ ਸਾਰੇ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਪੰਜ ਦਿਨ ਦਾ ਕੀਤੇ ਜਾਣ, ਸਾਰਿਆਂ ਲਈ ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤਾਂ ਦਿੱਤੇ ਜਾਣ,ਜਲ ਜੰਗਲ ਅਤੇ ਜ਼ਮੀਨਾਂ ਦੀ ਰਾਖੀ ਲਈ ਸੰਘਰਸ਼ ਤੇਜ਼ ਕੀਤੇ ਜਾਣ ਆਦਿ ਸੁਆਲਾਂ ਨੂੰ ਲੈਕੇ ਰੁਜ਼ਗਾਰ ਅਧਿਕਾਰ ਅੰਦੋਲਨ ਦੀ ਅਹਿਮ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਲੋਕ ਕਵੀ ਸੰਤ ਰਾਮ ਉਦਾਸੀ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਯਾਦ ਕਰਦਿਆਂ ਹੋਇਆਂ ਹੋਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਹੱਲ,ਸਿੱਖਿਆ ਤੇ ਸਿਹਤ ਸਹੂਲਤਾਂ ਦੀ ਬੇਹਤਰੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ ਲਗਾਤਾਰ ਬੇਰੁਜ਼ਗਾਰ ਨੌਜਵਾਨਾਂ ਤੇ ਜ਼ਬਰ ਦਾ ਰਾਹ ਅਖਤਿਆਰ ਕਰ ਰਹੀ ਹੈ।ਆਏ ਦਿਨ ਬੇਰੁਜ਼ਗਾਰ ਨੌਜਵਾਨਾਂ ਤੇ ਲਾਠੀਚਾਰਜ ਤੇ ਪਰਚੇ ਦਰਜ਼ ਕਰਨ ਦੇ ਰਾਹ ਪਈ ਹੋਈ ਹੈ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਬੇਹਤਰੀ ਲਈ ਡਰਾਮੇਬਾਜ਼ੀ ਕਰ ਰਹੀ ਹੈ। ਅਜਿਹੇ ਸਮੇਂ ਸਾਰਿਆਂ ਲਈ ਰੁਜ਼ਗਾਰ ਗਾਰੰਟੀ ਐਕਟ ਤਹਿਤ ਰੁਜ਼ਗਾਰ ਦੀ ਗਾਰੰਟੀ ਕੀਤੇ ਜਾਣ,ਹਰ ਖੇਤਰ ਵਿੱਚ ਘੱਟੋ ਘੱਟ ਉਜਰਤ ਦੀ ਗਾਰੰਟੀ ਦਾ ਕਾਨੂੰਨ ਸਖ਼ਤੀ ਨਾਲ ਲਾਗੂ ਕੀਤੇ ਜਾਣ, ਪੰਜਾਬ ਵਿੱਚ ਖੇਤੀ ਅਧਾਰਿਤ ਉਦਯੋਗ ਲਗਾਏ ਜਾਣ ਤੇ ਕੰਮ ਦਿਹਾੜੀ ਛੇ ਘੰਟੇ ਕੀਤੇ ਜਾਣ,ਆਦਿ ਸੁਆਲਾਂ ਨੂੰ ਲੈਕੇ ਸੋਸ਼ਲ ਮੀਡੀਆ ਦੇ ਨਾਲ ਨਾਲ ਵਿਦਿਅੱਕ ਸੰਸਥਾਵਾਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।ਇਸ ਮੌਕੇ ਰੁਜ਼ਗਾਰ ਅਧਿਕਾਰ ਅੰਦੋਲਨ ਵੱਲੋਂ ਹਰਮਨਦੀਪ ਸਿੰਘ ਹਿੰਮਤਪੁਰਾ ਨੂੰ ਮਾਲਵਾ ਜੋਨ ਦਾ ਕਨਵੀਨਰ ਅਤੇ ਸੁਖਜੀਤ ਸਿੰਘ ਰਾਮਾਨੰਦੀ ਨੂੰ ਕੋ ਕਨਵੀਨਰ,ਬੀਰਬਲ ਸੀਂਗੋ ਨੂੰ ਪ੍ਰੈਸ ਸਕੱਤਰ ਅਤੇ ਗੁਰਸੇਵਕ ਸਿੰਘ ਪੇਰੋਂ ਨੂੰ ਜ਼ਿਲਾ ਮਾਨਸਾ ਦੇ ਕਨਵੀਨਰ ਚੁਣਿਆ ਗਿਆ। ਇਸ ਮੌਕੇ ਅਮਨਦੀਪ ਸਿੰਘ ਮੰਡੇਰ,ਪੀ ਐੱਸ ਯੂ ਆਗੂ ਅਰਵਿੰਦਰ ਕੌਰ ਆਜ਼ਾਦ,ਗੁਰਪ੍ਰੀਤ ਸਿੰਘ ਕੋਟ ਧਰਮੂੰ, ਗੁਰਪ੍ਰੀਤ ਸਿੰਘ ਵਿਸ਼ਵਦੀਪ ਸਿੰਘ,ਵਾਟਰ ਵਾਰੀਅਰਜ਼ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਕੌਰ ਬਟਾਲਾ,ਕਸ਼ਿਸ ਗਰਗ,ਜੋਤੀ ਸ਼ਰਮਾਂ ਅਤੇ ਕੁਲਦੀਪ ਸਿੰਘ ਘਰਾਂਗਣਾ ਵੀ ਹਾਜ਼ਿਰ ਸਨ।












