ਭਵਾਨੀਗੜ੍ਹ, 23 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਨਜ਼ਦੀਕੀ ਪਿੰਡ ਨਰਾਇਣਗੜ੍ਹ ਵਿੱਚ ਮੋਟਰਸਾਈਕਲ ਚੋਰੀ ਦੇ ਮਾਮਲੇ ਨੇ ਪਿੰਡ ਵਿੱਚ ਹੜਕੰਪ ਮਚਾ ਦਿੱਤਾ। ਪਿੰਡ ਵਾਸੀਆਂ ਨੇ ਗੁਰੂ ਘਰ ਦੇ ਗ੍ਰੰਥੀ ਅਤੇ ਉਸਦੇ ਸਾਥੀ ਨੂੰ ਚੋਰੀ ਦੀ ਘਟਨਾ ਵਿੱਚ ਸ਼ੱਕੀ ਮੰਨਦੇ ਹੋਏ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸੰਬੰਧ ਵਿੱਚ ਪਿੰਡ ਦੇ ਲੋਕ ਗੁਰੂ ਘਰ ਵਿੱਚ ਇਕੱਠੇ ਹੋਏ।
ਇਸ ਮੌਕੇ ਪਿੰਡ ਦੀ ਸਰਪੰਚ ਮਨਜਿੰਦਰ ਕੌਰ ਦੇ ਪਤੀ ਹਮੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ ਦੇ ਸਮੇਂ ਪਿੰਡ ਦੀ ਗਲੀ ’ਚੋਂ ਹੈਪੀ ਸਿੰਘ ਨਾਮਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਜਾਂਚ ਦੌਰਾਨ ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵੇਖਣ ’ਤੇ ਇਹ ਪਤਾ ਲੱਗਾ ਕਿ ਗੁਰੂ ਘਰ ਦਾ ਗ੍ਰੰਥੀ ਅਤੇ ਉਸਦਾ ਸਾਥੀ ਕਥਿਤ ਤੌਰ ’ਤੇ ਮੋਟਰਸਾਈਕਲ ਚੋਰੀ ਕਰਦੇ ਨਜ਼ਰ ਆਏ।
ਹਮੀਰ ਸਿੰਘ ਮੁਤਾਬਕ, ਗ੍ਰੰਥੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੋਸ਼ ਕਬੂਲ ਕਰ ਲਿਆ। ਇਸ ਤੋਂ ਇਲਾਵਾ, ਲਗਭਗ 5 ਮਹੀਨੇ ਪਹਿਲਾਂ ਵੀ ਇੱਕ ਵਿਆਹ ਸਮੇਂ ਪਿੰਡ ਵਿੱਚੋਂ ਹੋਈ ਮੋਟਰਸਾਈਕਲ ਚੋਰੀ ਦੀ ਘਟਨਾ ਨਾਲ ਵੀ ਇਹ ਗ੍ਰੰਥੀ ਜੁੜਿਆ ਹੋਇਆ ਨਿਕਲਿਆ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਹ ਪੁਰਾਣਾ ਚੋਰੀ ਕੀਤਾ ਮੋਟਰਸਾਈਕਲ ਪਛਾਣ ਬਦਲ ਕੇ ਖੁਦ ਚਲਾ ਰਿਹਾ ਸੀ।
ਇਨ੍ਹਾਂ ਸਾਰੇ ਖੁਲਾਸਿਆਂ ਤੋਂ ਬਾਅਦ, ਪਿੰਡ ਵਾਸੀਆਂ ਨੇ ਦੋਹਾਂ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮੋਟਰਸਾਈਕਲ ਮਾਲਕ ਹੈਪੀ ਸਿੰਘ ਵੱਲੋਂ ਵੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।












