ਬਠਿੰਡਾ, 24 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਬਠਿੰਡਾ ਦੇ ਸਨਅਤੀ ਖੇਤਰ ਵਿੱਚ ਅੱਜ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨੇ ਦੋ ਫੈਕਟਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਲਾਸਟਿਕ ਫੈਕਟਰੀ ਤੋਂ ਸ਼ੁਰੂ ਹੋਈ ਅੱਗ ਬਾਅਦ ਵਿੱਚ ਨੇੜੇ ਦੀ ਫਰਨੀਚਰ ਫੈਕਟਰੀ ਵਿੱਚ ਫੈਲ ਗਈ। ਫਾਇਰ ਬ੍ਰਿਗੇਡ ਮੁਲਾਜ਼ਮ ਬਲਜੀਤ ਸਿੰਘ ਅਨੁਸਾਰ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪਲਾਸਟਿਕ ਦੀ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਅੱਗ ਫਰਨੀਚਰ ਫੈਕਟਰੀ ਤੱਕ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ ‘ਤੇ ਕਾਬੂ ਪਾਇਆ। ਇੰਡਸਟਰੀਅਲ ਏਰੀਆ ਦੇ ਮੁਖੀ ਮੋਹਨਜੀਤ ਪੁਰੀ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ। ਅੱਧੇ ਤੋਂ ਵੱਧ ਫੈਕਟਰੀਆਂ ਸੜ ਕੇ ਸੁਆਹ ਹੋ ਗਈਆਂ ਹਨ। ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਫਾਇਰ ਵਿਭਾਗ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।












