ਲੁਧਿਆਣਾ, 25 ਅਪ੍ਰੈਲ,ਬੋਲੇ ਪੰਜਾਬ ਬਿਊਰੋ ;
ਲੁਧਿਆਣਾ ਤੋਂ ਬਹੁਤ ਹੀ ਸ਼ਰਮਨਾਕ ਅਤੇ ਦੁਖਦ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਪਤੀ ਨੇ ਆਪਣੀ ਪਤਨੀ ਦਾ ਸਿਰਫ ਇਸ ਲਈ ਗਲਾ ਘੁੱਟ ਕੇ ਕਤਲ ਕਰ ਦਿੱਤਾ ਕਿਉਂਕਿ ਉਹ ਧੀ ਨਹੀਂ ਪੁੱਤਰ ਚਾਹੁੰਦਾ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਨੇ ਕਰੀਬ ਡੇਢ ਮਹੀਨਾ ਪਹਿਲਾਂ ਬੇਟੀ ਨੂੰ ਜਨਮ ਦਿੱਤਾ ਸੀ। ਉਦੋਂ ਤੋਂ ਹੀ ਪਤੀ-ਪਤਨੀ ਵਿਚ ਲੜਾਈ-ਝਗੜਾ ਸ਼ੁਰੂ ਹੋ ਗਿਆ ਸੀ। ਪਤੀ ਪੁੱਤਰ ਚਾਹੁੰਦਾ ਸੀ ਅਤੇ ਇਸ ਗੱਲ ਨੂੰ ਲੈ ਕੇ ਉਹ ਅਕਸਰ ਪਤਨੀ ਨਾਲ ਲੜਦਾ ਰਹਿੰਦਾ ਸੀ।
ਇਸ ਕਾਰਨ ਅੱਜ ਜਦੋਂ ਮੁਹੱਲੇ ਦੇ ਲੋਕਾਂ ਨੇ ਘਰੋਂ ਲੜਾਈ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਔਰਤ ਬੇਹੋਸ਼ ਪਈ ਸੀ। ਪਤੀ ਨੇ ਗੁਆਂਢੀਆਂ ਨੂੰ ਇਹ ਬਹਾਨਾ ਦੱਸਿਆ ਕਿ ਉਸ ਦੀ ਪਤਨੀ ਬੇਹੋਸ਼ ਹੋ ਗਈ ਹੈ। ਇਲਾਕੇ ਦੇ ਲੋਕਾਂ ਨੇ ਤੁਰੰਤ ਡਾਕਟਰ ਨੂੰ ਬੁਲਾਇਆ। ਜਾਂਚ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਔਰਤ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਬਾਅਦ ਔਰਤ ਦਾ ਭਰਾ ਮੌਕੇ ‘ਤੇ ਪਹੁੰਚਿਆ ਅਤੇ ਆਪਣੀ ਭੈਣ ਦੇ ਗਲੇ ‘ਤੇ ਹੱਥ ਦੇ ਨਿਸ਼ਾਨ ਦੇਖੇ। ਉਸ ਨੂੰ ਸ਼ੱਕ ਹੋਇਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਪਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












