ਨਵੀਂ ਦਿੱਲੀ, 25 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਦਿੱਲੀ ਨਗਰ ਨਿਗਮ ਦੀ ਮੇਅਰ ਚੋਣ ਵਿਚ ਇਸ ਵਾਰ ਭਾਜਪਾ ਦੇ ਰਾਜਾ ਇਕਬਾਲ ਸਿੰਘ ਨੇ 133 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਹਰਾ ਦਿੱਤਾ। ਚੋਣ ਵਿੱਚ ਕੁੱਲ 142 ਮੈਂਬਰਾਂ ਨੇ ਵੋਟਿੰਗ ਕੀਤੀ, ਜਿਨ੍ਹਾਂ ਵਿੱਚੋਂ ਇੱਕ ਵੋਟ ਅਵੈਧ ਘੋਸ਼ਿਤ ਹੋਈ।
ਇਹ ਚੋਣ ਇਸ ਕਰਕੇ ਵੀ ਚਰਚਾ ਦਾ ਕੇਂਦਰ ਬਣੀ ਰਹੀ ਕਿਉਂਕਿ ਆਮ ਆਦਮੀ ਪਾਰਟੀ (ਆਪ) ਨੇ ਨਾ ਆਪਣਾ ਉਮੀਦਵਾਰ ਖੜਾ ਕੀਤਾ ਤੇ ਪੂਰੀ ਚੋਣ ਪ੍ਰਕਿਰਿਆ ਤੋਂ ਬਾਈਕਾਟ ਕਰ ਦਿੱਤਾ। ਨਤੀਜੇ ਵਜੋਂ, ਮੇਅਰ ਦੀ ਦੌੜ ਭਾਜਪਾ ਅਤੇ ਕਾਂਗਰਸ ਵਿਚਕਾਰ ਸੀ।
ਐਮਸੀਡੀ ਹਾਊਸ ’ਚ ਭਾਜਪਾ ਕੋਲ 135 ਵੋਟਾਂ ਦੀ ਬੜੀ ਤਾਕਤ ਹੈ, ਜਦਕਿ ਕਾਂਗਰਸ ਦੇ ਕੋਲ ਸਿਰਫ 8 ਵੋਟਾਂ ਹਨ। ਚੋਣਾਂ ਵਿੱਚ ਲੋਕ ਸਭਾ ਦੇ ਸੱਤ ਮੈਂਬਰ, ਰਾਜ ਸਭਾ ਦੇ ਤਿੰਨ ਅਤੇ ਵਿਧਾਨ ਸਭਾ ਵਲੋਂ ਨਾਮਜ਼ਦ 14 ਵਿਧਾਇਕ ਵੀ ਵੋਟ ਪਾਉਣ ਦੇ ਹੱਕਦਾਰ ਰਹੇ।
ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪ ਰਾਜਪਾਲ ਵੀਕੇ ਸਕਸੈਨਾ ਨੇ ਸੀਨੀਅਰ ਭਾਜਪਾ ਕੌਂਸਲਰ ਸਤਿਆ ਸ਼ਰਮਾ ਨੂੰ ਪ੍ਰੀਜ਼ਾਈਡਿੰਗ ਅਫਸਰ ਨਿਯੁਕਤ ਕੀਤਾ।














