ਨਵੀਂ ਦਿੱਲੀ, 26 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਮੁੰਬਈ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਮਹਾਰਾਸ਼ਟਰ ਤੋਂ ਦਿੱਲੀ ਪਹੁੰਚੀ। ਟੀਮ ਨੇ 26/11 ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਤੋਂ ਪੁੱਛਗਿੱਛ ਕੀਤੀ। ਮੁੰਬਈ ਪੁਲਿਸ ਮੁਤਾਬਕ ਟੀਮ ਨੇ ਅੱਤਵਾਦੀ ਤਹੱਵੁਰ ਹੁਸੈਨ ਰਾਣਾ ਤੋਂ 8 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਤਹੱਵੁਰ ਰਾਣਾ ਗੋਲਮੋਲ ਜਵਾਬ ਦੇ ਰਿਹਾ ਹੈ। ਉਹ ਜਾਂਚ ਵਿੱਚ ਵੀ ਸਹਿਯੋਗ ਨਹੀਂ ਕਰ ਰਿਹਾ ਹੈ। ਤਹੱਵੁਰ ਰਾਣਾ ਨੂੰ NIA ਹੈੱਡਕੁਆਰਟਰ ‘ਚ ਨਜ਼ਰਬੰਦ ਕੀਤਾ ਗਿਆ ਹੈ।
ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ‘ਤੇ 2008 ਦੇ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਹਾਲ ਹੀ ‘ਚ ਭਾਰਤ ਲਿਆਂਦਾ ਗਿਆ ਸੀ। ਫਿਲਹਾਲ ਉਹ NIA ਦੀ ਹਿਰਾਸਤ ‘ਚ ਹੈ। 2009 ਵਿੱਚ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਰਾਣਾ ਅਤੇ ਉਸ ਦੇ ਸਾਥੀ ਡੇਵਿਡ ਕੋਲਮੈਨ ਹੈਡਲੀ ਦੀ ਹਵਾਲਗੀ ਲਈ ਭਾਰਤ ਪਿਛਲੇ 17 ਸਾਲਾਂ ਤੋਂ ਕੋਸ਼ਿਸ਼ਾਂ ਕਰ ਰਿਹਾ ਹੈ।ਹੇਡਲੀ ਦੇ ਮਾਮਲੇ ਵਿੱਚ ਭਾਰਤ ਨੂੰ ਹੁਣ ਤੱਕ ਕੋਈ ਖਾਸ ਸਫ਼ਲਤਾ ਨਹੀਂ ਮਿਲੀ ਹੈ ਪਰ ਤਹੱਵੁਰ ਰਾਣਾ ਦੇ ਕੇਸ ਵਿੱਚ ਅਮਰੀਕਾ ਦੀਆਂ ਹੇਠਲੀਆਂ ਅਦਾਲਤਾਂ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਦਾਅਵਿਆਂ ਨੂੰ ਸਵੀਕਾਰ ਕਰ ਲਿਆ ਅਤੇ ਉਸ ਨੂੰ ਭਾਰਤ ਹਵਾਲੇ ਕਰ ਦਿੱਤਾ।














