ਚੰਡੀਗੜ੍ਹ 27 ਅਪ੍ਰੈਲ ਬੋਲੇ ਪੰਜਾਬ ਬਿਉਰੋ(ਹਰਦੇਵ ਚੌਹਾਨ)
ਦਿ ਰੌਇਲ ਗਲੋਬਲ ਸਕੂਲ,ਖਿਆਲਾ ਕਲਾਂ, ਮਾਨਸਾ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਹਾਲ ਹੀ ਵਿੱਚ ਪਹਿਲਗਾਮ ਹਮਲੇ ਦੌਰਾਨ ਜਾਨ ਗੁਆਉਣ ਵਾਲੇ ਨਿਰਦੋਸ਼ ਪੀੜਤਾਂ ਨੂੰ ਭਿੱਜੀਆਂ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦਿੰਦੇ ਹੋਏ ਮੌਨ ਧਾਰਿਆ ਅਤੇ ਹਮਲੇ ਵਿੱਚ ਸ਼ਹੀਦ ਹੋਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਹਿੰਦੀ ਅਧਿਆਪਕਾ ਸ਼੍ਰੀਮਤੀ ਅਨੂ ਸ਼ਰਮਾ ਨੇ ਆਪਣੇ ਵੱਲੋਂ ਲਿਖੀ ਇੱਕ ਦਿਲ ਨੂੰ ਛੂਹਣ ਵਾਲੀ ਕਵਿਤਾ ਰਾਹੀਂ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਪੰਜਾਬੀ ਅਧਿਆਪਕਾ ਸ਼੍ਰੀਮਤੀ ਅਮਨਦੀਪ ਕੌਰ ਨੇ ਵੀ ਹਮਲੇ ਦੇ ਸੰਦਰਭ ਵਿੱਚ ਇੱਕ ਜੋਸ਼ੀਲਾ ਅਤੇ ਸੋਚਣ ’ਤੇ ਮਜਬੂਰ ਕਰਨ ਵਾਲਾ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਾਂਤੀ, ਏਕਤਾ ਅਤੇ ਮਨੁੱਖਤਾ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਹਿੰਸਾ ਅਤੇ ਨਫਰਤ ਦੇ ਖਿਲਾਫ ਆਵਾਜ਼ ਉਠਾਉਣ ਲਈ ਉਤਸ਼ਾਹਿਤ ਕੀਤਾ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਯੋਗਿਤਾ ਭਾਟੀਆ ਨੇ ਕਿਹਾ ਕਿ ਵਿਦਿਆਰਥੀਆਂ ਨੇ ਇਸ ਸਮਾਰੋਹ ਰਾਹੀਂ ਦਰਸਾ ਦਿੱਤਾ ਕਿ ਉਹ ਨਿਰਦੋਸ਼ ਜੀਵਨ ਦੀ ਹਮਦਰਦੀ ਅਤੇ ਰਾਸ਼ਟਰੀ ਏਕਤਾ ਦੇ ਪ੍ਰਤੀ ਵਚਨਬੱਧ ਹਨ।
ਸਕੂਲ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਹਿੰਸਕ ਘਟਨਾਵਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਸਮੇਂ ਦੀ ਲੋੜ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਸੰਵੇਦਨਸ਼ੀਲ ਹੋਵੇ। ਸਕੂਲ ਸਿੱਖਿਆ ਦਾ ਇਹ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਇਸ ਪ੍ਰਤੀ ਸੁਚੇਤ ਕਰੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਾਂਤੀ ਅਤੇ ਸਹਿਯੋਗ ਦੇ ਦੂਤ ਬਣਨ ਦੀ ਪ੍ਰੇਰਣਾ ਦਿੱਤੀ ਅਤੇ ਯਾਦ ਦਿਵਾਇਆ ਕਿ ਏਕਤਾ ਵਿੱਚ ਬੇਹੱਦ ਤਾਕਤ ਹੁੰਦੀ ਹੈ।












