ਦੋ ਮਹਿਲਾਵਾਂ ਦੀ ਗੁਰਦੁਆਰਾ ਸਾਹਿਬ ਵਿੱਚ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਨਹੀਂ ਹੋਈ ਕੋਈ ਕਾਰਵਾਈ, ਪੀੜਤ ਪਰਿਵਾਰਾਂ ਨੇ ਲਿਆ ਫੈਸਲਾ
ਪੀੜਤ ਪਰਿਵਾਰ ਨੂੰ ਫੋਨ ਤੇ ਫੈਸਲਾ ਕਰਨ ਦੇ ਦਬਾਅ ਪਾਉਣ ਅਤੇ ਧਮਕੀਆਂ ਦਿੰਦੇ ਪੁਲਿਸ ਕਰਮਚਾਰੀ ਦੀ ਆਡੀਓ ਕੀਤੀ ਜਾਰ
ਐਸ ਏ ਐਸ ਨਗਰ, 01 ਮਈ ,ਬੋਲੇ ਪੰਜਾਬ ਬਿਊਰੋ :
ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ “ਰਿਜ਼ਰਵੇਸ਼ਨ ਚੋਰ ਫੜੋ ਮੋਰਚੇ” ਤੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਜਨਰਲ ਸੈਕਟਰੀ ਮਾਸਟਰ ਬਨਵਾਰੀ ਲਾਲ ਅਤੇ ਮੁੱਖ ਸਲਾਹਕਾਰ ਹਰਨੇਕ ਸਿੰਘ ਮਲੋਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਤੀ 20 ਅਪ੍ਰੈਲ 2025 ਨੂੰ ਗੁਰਦੁਆਰਾ ਭਗਤ ਨਾਮਦੇਵ ਜੀ ਫੇਸ 11 ਵਿੱਚ ਪ੍ਰਧਾਨ ਮਨਮੋਹਨ ਸਿੰਘ ਲੰਗ ਦੀ ਮੌਜੂਦਗੀ ਵਿੱਚ ਕਮੇਟੀ ਮੈਂਬਰਾਂ ਨੇ ਦਿਹਾੜੀ ਤੇ ਰੋਟੀਆਂ ਬਣਾਉਣ ਆਈਆਂ ਦੋ ਮਹਿਲਾਵਾਂ ਸੋਨੀਆਂ ਰਾਣੀ, ਸਰੋਜ ਰਾਣੀ ਅਤੇ ਉਹਨਾਂ ਦੀਆਂ ਦੋ ਬੱਚਿਆਂ ਦੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀ ਦੋ ਕਟੋਰੀ ਖੀਰ ਮੰਗਣ ਤੇ ਸਿਰ ਵਿੱਚ ਜੁੱਤੀਆਂ ਮਾਰਕੇ ਕੁੱਟਮਾਰ ਹੋਈ ਸੀ। ਉਸਦਾ ਮੋਬਾਈਲ ਵੀ ਖੋ ਲਿਆ ਗਿਆ ਜਿਸ ਵਿੱਚ ਜਰੂਰੀ ਦਸਤਾਵੇਜ਼ ਹਨ। ਦਿਹਾੜੀ ਦੇ ਬਣਦੇ ਪੈਸੇ ਵੀ ਨਹੀਂ ਦਿੱਤੇ ਗਏ। ਜਿਸ ਦੀ ਸ਼ਿਕਾਇਤ ਮੋਹਾਲੀ ਦੇ ਫੇਸ 11 ਦੇ ਥਾਣੇ ਵਿੱਚ ਸ਼ਿਕਾਇਤ ਨੰਬਰ 734/20.4.25 ਦਰਜ ਕਰਵਾਈ ਗਈ ਸੀ। ਪਰ ਪੁਲਿਸ ਪੀੜਿਤ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੋਸ਼ੀਆਂ ਦਾ ਸਾਥ ਦੇ ਰਹੀ ਹੈ। ਇਸ ਦੀ ਸ਼ਿਕਾਇਤ ਧਾਰਮਿਕ ਜਥੇਬੰਦੀਆਂ ਕੋਲ ਵੀ ਕੀਤੀ ਗਈ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੂੰ ਵੀ ਇੱਕ ਦਰਖਾਸਤ ਭੇਜੀ ਗਈ ਸੀ। ਪਰ ਕਿਸੇ ਪਾਸੇ ਤੋਂ ਕੋਈ ਉਚਿਤ ਕਾਰਵਾਈ ਨਹੀਂ ਹੋਈ। ਜਿਸ ਤੇ ਪੀੜਿਤ ਪਰਿਵਾਰ ਨੇ ਮੋਰਚਾ ਆਗੂਆਂ ਨਾਲ ਮਿਲਕੇ ਮਿਤੀ 7 ਮਈ 2025, ਦਿਨ ਬੁੱਧਵਾਰ ਨੂੰ ਸਵੇਰੇ 11.00 ਵਜੇ ਥਾਣਾ ਫੇਸ 11 ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਜਿਸ ਵਿੱਚ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਇੱਥੇ ਇਹ ਦੱਸਣ ਯੋਗ ਹੈ ਕਿ ਮਹਿਲਾ ਸੋਨੀਆ ਰਾਣੀ ਦੇ ਬੇਟੇ ਦਮਨਪ੍ਰੀਤ ਦੀ ਨਵੰਬਰ ਵਿੱਚ ਪ੍ਰਵਾਸੀਆਂ ਵੱਲੋਂ ਪਿੰਡ ਕੁੰਭੜਾ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦਾ ਅੱਜ ਤੱਕ ਇਨਸਾਫ ਨਹੀਂ ਹੋਇਆ, ਆਪਣੇ ਬੇਟੇ ਦੇ ਇਨਸਾਫ ਲਈ ਇਹ ਮਹਿਲਾ ਦਰ ਦਰ ਭਟਕ ਰਹੀ ਹੈ।
ਇਸ ਮੀਟਿੰਗ ਵਿੱਚ ਪੀੜਿਤ ਪਰਿਵਾਰ ਨੇ ਪੁਲਿਸ ਵੱਲੋਂ ਫੋਨ ਤੇ ਫੈਸਲਾ ਕਰਨ ਲਈ ਬਾਰ-ਬਾਰ ਦਬਾਅ ਪਾਉਣ ਅਤੇ ਧਮਕੀਆਂ ਦਿੰਦਿਆਂ ਦੀ ਇੱਕ ਆਡੀਓ ਵੀ ਜਾਰੀ ਕੀਤੀ।
ਇਸ ਮੌਕੇ ਅਵਤਾਰ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਾਜੇਸ਼ ਕੁਮਾਰ, ਕਰਮਜੀਤ ਸਿੰਘ, ਰਾਜਨ, ਮੰਜੂ, ਕਮਲਾ ਆਦਿ ਹਾਜ਼ਰ ਹੋਏ।












