ਅੰਮ੍ਰਿਤਸਰ, 2 ਮਈ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ-ਮਹਿਤਾ ਜੀ.ਟੀ. ਰੋਡ ’ਤੇ ਪਿੰਡ ਢਪਈਆ ਨੇੜੇ ਇੱਕ ਭਿਆਨਕ ਸੜਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਵਰਨਾ ਕਾਰ ਅਤੇ ਟਿੱਪਰ ਦੀ ਸਿੱਧੀ ਟੱਕਰ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਚਲੀ ਗਈ। ਹਾਦਸਾ ਏਨਾ ਭਿਆਨਕ ਸੀ ਕਿ ਟਿੱਪਰ ਵੀ ਉਲਟ ਗਿਆ, ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ, ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਆਪਣੇ ਪੋਤਰੇ ਨੂੰ ਵਿਦੇਸ਼ ਰਵਾਨਾ ਕਰਕੇ ਰਾਜਾਸਾਂਸੀ ਹਵਾਈ ਅੱਡੇ ਤੋਂ ਵਾਪਸ ਪਰਤ ਰਹੇ ਸਨ। ਜਿਵੇਂ ਹੀ ਉਹ ਜੀਵਨ ਪੰਧੇਰ ਨੇੜੇ ਪਹੁੰਚੇ, ਮਹਿਤਾ ਵੱਲੋਂ ਆ ਰਹੇ ਟਿੱਪਰ ਨੇ ਉਨ੍ਹਾਂ ਦੀ ਵਰਨਾ ਕਾਰ ਨਾਲ ਟੱਕਰ ਮਾਰੀ।
ਇਸ ਹਾਦਸੇ ’ਚ ਗੁਰਦੇਵ ਸਿੰਘ (60), ਉਨ੍ਹਾਂ ਦੀ ਪਤਨੀ ਮਲਕੀਤ ਕੌਰ (40), ਮਾਤਾ ਪਰਮਜੀਤ ਕੌਰ (70) ਅਤੇ ਧਰਮਿੰਦਰ ਸਿੰਘ (35) ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਪਛਾਣ ਪਿੰਡ ਭੋਮਾ ਬੋਜਾ, ਨੇੜੇ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਸਥਾਨਕ ਲੋਕਾਂ ਨੇ ਬੜੀ ਮੁਸ਼ੱਕਲ ਨਾਲ ਕਾਰ ’ਚੋਂ ਲਾਸ਼ਾਂ ਨੂੰ ਕੱਢਿਆ। ਥਾਣਾ ਤਰਸਿੱਕਾ ਦੇ ਐਸ.ਐਚ.ਓ. ਬਲਵਿੰਦਰ ਸਿੰਘ ਬਾਜਵਾ ਨੇ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।












