ਆਗੂ – ਇੱਕ ਦਿਸ਼ਾ ਦਰਸ਼ਕ ਅਤੇ ਪ੍ਰੇਰਕ ਵਿਅਕਤੀਤਵ
ਜਿਵੇਂ ਕਿ ਸਰੀਰ ਨੂੰ ਚਲਾਉਣ ਲਈ ਦਿਮਾਗ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਕਿਸੇ ਵੀ ਸਮੂਹ, ਸੰਗਠਨ ਜਾਂ ਰਾਸ਼ਟਰ ਨੂੰ ਸੁਚੱਜੀ ਦਿਸ਼ਾ ਵਿੱਚ ਲੈ ਕੇ ਜਾਣ ਲਈ ਇੱਕ ਦ੍ਰਿੜ ਨਿਸ਼ਚੈ ਵਾਲੇ, ਉਤਸ਼ਾਹੀ ਅਤੇ ਕਰਮਯੋਗੀ ਆਗੂ ਦੀ ਲੋੜ ਹੁੰਦੀ ਹੈ। ਨੇਤਾ ਜਾਂ ਆਗੂ ਸਿਰਫ਼ ਹੁਕਮ ਦੇਣ ਵਾਲਾ ਨਹੀਂ ਹੁੰਦਾ, ਸਗੋਂ ਉਹ ਸਿੱਖਣ ਵਾਲਾ, ਸਹਿਯੋਗੀ, ਅਤੇ ਆਪਣੇ ਕਰਮਾਂ ਰਾਹੀਂ ਹੋਰਾਂ ਨੂੰ ਪ੍ਰੇਰਨਾ ਦੇਣ ਵਾਲਾ ਵਿਅਕਤੀ ਹੁੰਦਾ ਹੈ। ਇੱਕ ਅਸਲ ਆਗੂ ਵਿੱਚ ਕਈ ਮਹੱਤਵਪੂਰਨ ਗੁਣ ਹੁੰਦੇ ਹਨ ਜੋ ਉਸਨੂੰ ਹੋਰਾਂ ਤੋਂ ਵੱਖਰਾ ਬਣਾਉਂਦੇ ਹਨ।
ਸਭ ਤੋਂ ਪਹਿਲਾ ਗੁਣ ਜੋ ਇੱਕ ਆਗੂ ਵਿੱਚ ਹੋਣਾ ਚਾਹੀਦਾ ਹੈ, ਉਹ ਹੈ ਆਤਮ-ਵਿਸ਼ਵਾਸ। ਜਦੋਂ ਲੀਡਰ ਨੂੰ ਆਪਣੇ ਉੱਤੇ ਪੂਰਾ ਭਰੋਸਾ ਹੁੰਦਾ ਹੈ, ਤਾਂ ਉਹ ਕਿਸੇ ਵੀ ਮੁਸ਼ਕਲ ਜਾਂ ਚੁਣੌਤੀ ਦਾ ਸਾਹਮਣਾ ਨਿਡਰ ਹੋ ਕੇ ਕਰ ਸਕਦਾ ਹੈ। ਆਤਮ-ਵਿਸ਼ਵਾਸ ਨਾਲ ਭਰਪੂਰ ਵਿਅਕਤੀ ਹੋਰਾਂ ਵਿੱਚ ਵੀ ਭਰੋਸਾ ਪੈਦਾ ਕਰਦਾ ਹੈ ਅਤੇ ਇੱਕ ਮਜ਼ਬੂਤ ਟੀਮ ਬਣਾਉਂਦਾ ਹੈ।
ਦੂਜਾ ਮਹੱਤਵਪੂਰਨ ਗੁਣ ਹੈ ਸਿੱਖਣ ਦੀ ਤਾਂਘ। ਇੱਕ ਨੇਤਾ ਕਦੇ ਵੀ ਇਹ ਨਹੀਂ ਸੋਚਦਾ ਕਿ ਉਹ ਸਭ ਕੁਝ ਜਾਣਦਾ ਹੈ। ਉਹ ਹਮੇਸ਼ਾ ਇੱਕ ਸਿੱਖਣ ਵਾਲਾ ਬਣਿਆ ਰਹਿੰਦਾ ਹੈ। ਨਵੇਂ ਵਿਚਾਰ, ਤਜਰਬੇ ਅਤੇ ਤਕਨੀਕਾਂ ਸਿੱਖ ਕੇ ਉਹ ਆਪਣੇ ਆਪ ਨੂੰ ਅਤੇ ਆਪਣੀ ਟੀਮ ਨੂੰ ਹੋਰ ਬਿਹਤਰ ਬਣਾਉਂਦਾ ਹੈ।
ਭਾਵਨਾਤਮਕ ਨਿਯੰਤਰਣ ਵੀ ਇੱਕ ਨੇਤਾ ਦਾ ਅਹਿਮ ਨਾ ਹੋ ਕੇ ਗੁਣ ਹੁੰਦਾ ਹੈ। ਇਕ ਆਗੂ ਨੂੰ ਹਰ ਹਾਲਤ ਵਿੱਚ ਧੀਰਜ ਅਤੇ ਸੰਜ਼ੀਦਗੀ ਨਾਲ ਕੰਮ ਲੈਣਾ ਪੈਂਦਾ ਹੈ। ਜਦੋਂ ਆਗੂ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਦਾ ਹੈ, ਤਾਂ ਉਹ ਸੰਘਰਸ਼ ਦੇ ਸਮੇਂ ਵੀ ਸਹੀ ਫੈਸਲਾ ਲੈ ਸਕਦਾ ਹੈ ਅਤੇ ਆਪਣੀ ਟੀਮ ਨੂੰ ਆਤਮ-ਵਿਸ਼ਵਾਸ ਦਿੰਦਾ ਹੈ।
ਇੱਕ ਆਗੂ ਕਰਵਾਈ-ਕੇਂਦਰਤ ਹੁੰਦਾ ਹੈ। ਉਹ ਸਿਰਫ਼ ਗੱਲਾਂ ਨਹੀਂ ਕਰਦਾ, ਸਗੋਂ ਆਪਣੇ ਕਰਮਾਂ ਰਾਹੀਂ ਹੋਰਾਂ ਨੂੰ ਸਿੱਖਾਉਂਦਾ ਹੈ। ਉਹ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਦ੍ਰਿੜ ਨਿਸ਼ਚੈ ਨਾਲ ਕੰਮ ਕਰਦਾ ਹੈ। ਚਾਹੇ ਰਸਤਾ ਕਿੰਨਾ ਵੀ ਔਖਾ ਹੋਵੇ, ਇੱਕ ਚੰਗਾ ਆਗੂ ਹਾਰ ਨਹੀਂ ਮੰਨਦਾ।
ਉਤਸ਼ਾਹ ਅਤੇ ਉਤਸੁਕਤਾ ਨਾਲ ਭਰਪੂਰ ਆਗੂ ਦੀ ਸੰਗਤ ਵਿੱਚ ਟੀਮ ਦੇ ਹੋਰ ਮੈਂਬਰ ਵੀ ਜੋਸ਼ ਨਾਲ ਭਰ ਜਾਂਦੇ ਹਨ। ਉਹ ਸਿਰਫ਼ ਦਿਸ਼ਾ ਨਹੀਂ ਦਿੰਦਾ, ਸਗੋਂ ਪ੍ਰੇਰਨਾ ਦਾ ਸਰੋਤ ਬਣ ਜਾਂਦਾ ਹੈ। ਉਨ੍ਹਾਂ ਦੀ ਉਤਪਾਦਕਤਾ ਸਿਰਫ਼ ਆਪਣੇ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਉਹ ਸਾਰੀ ਟੀਮ ਦੀ ਕਾਰਗੁਜ਼ਾਰੀ ਵਿੱਚ ਨਿਖਾਰ ਲਿਆਉਂਦੇ ਹਨ।
ਸਹਿਯੋਗ ਦੇਣਾ ਟੀਮ ਆਗੂ ਦਾ ਇੱਕ ਹੋਰ ਅਹਿਮ ਗੁਣ ਹੈ। ਉਹ ਸਮਝਦਾ ਹੈ ਕਿ ਹਰ ਕੋਈ ਵਿਅਕਤੀ ਅਲੱਗ-ਅਲੱਗ ਨਹੀਂ, ਸਗੋਂ ਇੱਕ ਸ਼ਕਤੀਸ਼ਾਲੀ ਟੀਮ ਦਾ ਹਿੱਸਾ ਹੈ। ਇਕ ਚੰਗਾ ਆਗੂ ਹਮੇਸ਼ਾ ਟੀਮ ਵਰਕ ਤੇ ਵਿਸ਼ਵਾਸ ਕਰਦਾ ਹੈ। ਉਹ ਆਪਣੇ ਸਾਥੀਆਂ ਦੀ ਸੁਣਦਾ ਹੈ, ਉਨ੍ਹਾਂ ਦੀ ਕਦਰ ਕਰਦਾ ਹੈ ਅਤੇ ਹਮੇਸ਼ਾ ਇਕੱਠੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ।
ਸਮਾਂ ਪ੍ਰਬੰਧਨ ਵੀ ਚੰਗੇ ਨੇਤਾ ਦੀ ਇੱਕ ਹੋਰ ਖਾਸੀਅਤ ਹੁੰਦੀ ਹੈ। ਆਗੂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਕੰਮ ਪਹਿਲਾਂ ਕਰਨਾ ਹੈ, ਕਿਵੇਂ ਕਰਨਾ ਹੈ ਅਤੇ ਕਿੰਨੇ ਸਮੇਂ ਵਿੱਚ ਪੂਰਾ ਕਰਨਾ ਹੈ। ਵਧੀਆ ਸਮੇਂ ਦੀ ਯੋਜਨਾ ਬਣਾ ਕੇ ਉਹ ਆਪਣੇ ਟੀਮ ਮੈਂਬਰਾਂ ਨੂੰ ਵੀ ਇਸੇ ਰਸਤੇ ਉੱਤੇ ਤਿਆਰ ਕਰਦਾ ਹੈ।
ਅਨੁਸ਼ਾਸਨ ਵੀ ਲੀਡਰ ਦੇ ਵਿਅਕਤੀਤਵ ਦਾ ਅਹੰਮ ਹਿੱਸਾ ਹੁੰਦਾ ਹੈ। ਇੱਕ ਅਨੁਸ਼ਾਸਿਤ ਆਗੂ ਆਪਣੇ ਕੰਮ, ਵਚਨ ਅਤੇ ਵਿਚਾਰਾਂ ਵਿੱਚ ਸਥਿਰਤਾ ਰੱਖਦਾ ਹੈ। ਉਹ ਆਪਣੇ ਨਿਯਮਾਂ ਦੀ ਪਾਲਣਾ ਕਰਦਾ ਹੈ ਅਤੇ ਹੋਰਾਂ ਤੋਂ ਵੀ ਇਹੀ ਉਮੀਦ ਰੱਖਦਾ ਹੈ।
ਆਖ਼ਰੀ ਪਰ ਅਤਿ ਮਹੱਤਵਪੂਰਨ ਗੁਣ ਹੈ ਕਿ ਆਗੂ ਉਤਸ਼ਾਹੀ ਅਤੇ ਹਮੇਸ਼ਾ ਚੁਸਤ ਰਹਿੰਦਾ ਹੈ। ਉਹ ਕਦੇ ਵੀ ਥੱਕਦਾ ਨਹੀਂ, ਕਦੇ ਵੀ ਰੁਕਦਾ ਨਹੀਂ। ਉਸ ਦੀ ਸਾਕਾਰਾਤਮਕ ਊਰਜਾ ਹੋਰਾਂ ਵਿੱਚ ਵੀ ਨਵੀਂ ਸਫ਼ਲਤਾ ਦੀ ਚਮਕ ਪੈਦਾ ਕਰਦੀ ਹੈ।
ਇੱਕ ਅਸਲ ਆਗੂ ਉਹ ਨਹੀਂ ਜੋ ਸਿਰਫ਼ ਅੱਗੇ ਚੱਲਦਾ ਹੈ, ਸਗੋਂ ਉਹ ਜੋ ਹੋਰਾਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਦਾ ਹੈ। ਉਹ ਸਿੱਖਦਾ ਹੈ, ਸਿਖਾਉਂਦਾ ਹੈ, ਆਪਣੇ ਜਜ਼ਬਾਤਾਂ ‘ਤੇ ਕਾਬੂ ਰੱਖ ਕੇ ਸਮੇਂ ਦੀ ਕਦਰ ਕਰਦਾ ਹੈ, ਸਹਿਯੋਗ ਕਰਦਾ ਹੈ, ਅਤੇ ਆਪਣੇ ਆਤਮ-ਵਿਸ਼ਵਾਸ ਅਤੇ ਦ੍ਰਿੜਤਾ ਨਾਲ ਸਮੂਹ ਨੂੰ ਨਵੀਂ ਦਿਸ਼ਾ ਦਿੰਦਾ ਹੈ। ਨੇਤਾ ਉਹੀ ਹੁੰਦਾ ਹੈ ਜੋ ਉਤਸ਼ਾਹ, ਸਹਿਯੋਗ, ਅਨੁਸ਼ਾਸਨ ਅਤੇ ਸਮਰਪਣ ਰਾਹੀਂ ਆਪਣੀ ਟੀਮ ਨੂੰ ਸਫ਼ਲਤਾ ਵੱਲ ਲੈ ਕੇ ਜਾਂਦਾ ਹੈ।
ਰਾਜਿੰਦਰ ਸਿੰਘ ਚਾਨੀ
ਰਾਜਪੁਰਾ
















