ਬਠਿੰਡਾ, 3 ਮਈ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਹੋਰ ਤੇਜ਼ ਹੋ ਗਈ ਹੈ। ਬਠਿੰਡਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੇ ਘਰ ਜਮੀਨਦੋਜ਼ ਕਰ ਦਿੱਤੇ ਜਦਕਿ ਇਕ ਹੋਰ ਤਸਕਰ ਦੇ ਦੋ ਘਰਾਂ ਨੂੰ ਸੀਲ ਕਰ ਦਿੱਤਾ ਗਿਆ। ਐੱਸਐੱਸਪੀ ਅਮਨੀਤ ਕੋਂਡਲ ਅਤੇ ਐਸਡੀਐਮ ਬਲਕਰਨ ਸਿੰਘ ਦੀ ਅਗਵਾਈ ਹੇਠ ਜਦੋਂ ਜੇਸੀਬੀ ਨੇ ਤਸਕਰਾਂ ਦੇ ਘਰ ਢਾਹੇ ਤਾਂ ਇਲਾਕੇ ਦੇ ਲੋਕਾਂ ਨੇ ਪੁਲਿਸ ’ਤੇ ਫੁੱਲਾਂ ਦੀ ਵਰਖਾ ਕੀਤੀ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ।
ਨਸ਼ਾ ਤਸਕਰ ਰੈਂਬੋ ਦੇ ਬੇਅੰਤ ਸਿੰਘ ਨਗਰ ਅਤੇ ਕੇਵਲ ਸਿੰਘ ਦੇ ਧੋਬੀਆਨਾ ਬਸਤੀ ਸਥਿਤ ਮਕਾਨ ਤੋੜੇ ਗਏ। ਨਾਲ ਹੀ ਤਸਕਰ ਭਿੰਦਰ ਸਿੰਘ ਉਰਫ਼ ਪਰੇਸ਼ਾਨੀ ਦੇ ਮਾਡਲ ਟਾਊਨ ਸਥਿਤ ਦੰਗਾ ਪੀੜਤ ਕਾਲੋਨੀ ਵਾਲੇ ਦੋ ਕੁਆਟਰਾਂ ਨੂੰ ਸੀਲ ਕਰ ਦਿੱਤਾ ਗਿਆ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਤਸਕਰਾਂ ਨੇ ਇੱਥੇ ਨਸ਼ੇ ਦੀ ਖੁੱਲ੍ਹੀ ਖੇਡ ਰਚਾਈ ਹੋਈ ਸੀ ਜਿਸ ਕਾਰਨ ਨਾਬਾਲਗ ਵੀ ਨਸ਼ੇ ਦੀ ਲਪੇਟ ’ਚ ਆ ਗਏ ਸਨ। ਲੋਕਾਂ ਨੇ ਪੁਲਿਸ ਦੀ ਕਾਰਵਾਈ ਦੀ ਤਾਰੀਫ਼ ਕੀਤੀ ਹੈ।












