20 ਮਈ ਨੂੰ ਦੇਸ਼ ਵਿਆਪੀ ਹੜਤਾਲ ਅਤੇ 04 ਮਈ ਨੂੰ ਜਲੰਧਰ ਕਨਵੈਂਸ਼ਨ ਵਿੱਚ ਸ਼ਾਮਿਲ ਹੋਣ ਦਾ ਫੈਸਲਾ – ਸਾਂਝਾ ਫਰੰਟ

ਚੰਡੀਗੜ੍ਹ

ਚੰਡੀਗੜ੍ਹ, 03 ਮਈ ,ਬੋਲੇ ਪੰਜਾਬ ਬਿਊਰੋ :

ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਕੇਂਦਰ ਅਤੇ ਰਾਜ ਸਰਕਾਰਾਂ ਵਿਰੁੱਧ ਲੋਕ ਅਤੇ ਮੁਲਾਜ਼ਮ, ਮਜ਼ਦੂਰ, ਕਿਸਾਨ ਵਿਰੋਧੀ ਨੀਤੀਆਂ ਦੇ ਵਿਰੁੱਧ ਮਿਤੀ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ। ਪੰਜਾਬ ਅੰਦਰ ਵੀ ਇਸ ਹੜਤਾਲ ਦੀ ਤਿਆਰੀ ਅਤੇ ਸਫਲਤਾ ਲਈ ਸੂਬੇ ਦੀਆਂ ਵੱਖ-ਵੱਖ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾ ਵਲੋਂ ਮਿਤੀ 4 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਂਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਆਪਣੀ ਵਰਚੁਅਲ ਮੀਟਿੰਗ ਸਾਂਝਾ ਫਰੰਟ ਦੇ ਕਨਵੀਨਰ ਸਾਥੀ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝੇ ਫਰੰਟ ਤੇ ਕਨਵੀਨਰਜ਼ ਸਤੀਸ਼ ਰਾਣਾ, ਜਰਮਨਜੀਤ ਸਿੰਘ, ਰਣਜੀਤ ਸਿੰਘ ਰਾਣਵਾ, ਸਵਿੰਦਰ ਪਾਲ ਸਿੰਘ ਮੌਲੋਵਾਲੀ, ਗਗਨਦੀਪ ਸਿੰਘ ਭੁੱਲਰ, ਕਰਮ ਸਿੰਘ ਧਨੋਆ, ਬਾਜ ਸਿੰਘ ਖਹਿਰਾ, ਸੁਖਦੇਵ ਸਿੰਘ ਸੈਣੀ, ਕੋ – ਕਨਵੀਨਰਜ਼ ਜਗਦੀਸ਼ ਸਿੰਘ ਚਾਹਲ, ਪ੍ਰਮੁੱਖ ਆਗੂ ਸੁਰਿੰਦਰ ਰਾਮ ਕੁਸਾ, ਬੀ.ਐਸ.ਸੈਣੀ, ਅਮਰੀਕ ਸਿੰਘ ਮਸੀਤਾ, ਬੋਬਿੰਦਰ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਫਿਰਕੂ ਅਜੰਡੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਨ ਅਤੇ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਹਿੱਤ ਕੀਤੀ ਜਾ ਰਹੀ ਇਸ ਦੇਸ਼ ਵਿਆਪੀ ਹੜਤਾਲ ਦੀ ਸਫਲਤਾ ਲਈ ਕੀਤੀ ਜਾ ਰਹੀ 04 ਮਈ ਦੀ ਜਲੰਧਰ ਕਨਵੈਨਸ਼ਨ ਵਿੱਚ ਪੰਜਾਬ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਿੱਚ ਸ਼ਾਮਿਲ ਮੁਲਾਜ਼ਮ ਅਤੇ ਪੈਨਸ਼ਨਰ ਧਿਰਾਂ ਵੱਲੋਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਆਗੂਆਂ ਆਖਿਆ ਕਿ ਇਹ ਦੇਸ਼ ਵਿਆਪੀ ਹੜਤਾਲ ਰਾਹੀਂ ਮੰਗ ਕੀਤੀ ਜਾ ਰਹੀ ਹੈ ਕਿ ਚਾਰ ਕਿਰਤ ਕਾਨੂਨਾਂ ਦੇ ਪ੍ਰਸਤਾਵ ਨੂੰ ਰੱਦ ਕੀਤਾ ਜਾਵੇ, ਪੀ.ਐਫ.ਆਰ.ਡੀ.ਏ. ਬਿੱਲ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਰਾਜ ਸਰਕਾਰਾਂ ਦੁਆਰਾ ਜਮਾਂ ਕੀਤੀ ਰਾਸ਼ੀ ਵਾਪਿਸ ਕੀਤੀ ਜਾਵੇ, ਹਰ ਪ੍ਰਕਾਰ ਦੇ ਕੱਚੇ, ਠੇਕੇ, ਆਊਟ ਸੋਰਸਿੰਗ, ਡੇਲੀ ਵੇਜ਼, ਵਰਕਚਾਰਜ, ਇਨਲਿਸਟਮਿੰਟ, ਇੰਨਸੈਨਟਿਵ/ ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕੀਤਾ ਜਾਵੇ ਅਤੇ ਸਰਕਾਰੀ ਵਿਭਾਗਾਂ ਅੰਦਰ ਪੱਕੇ ਤੌਰ ਤੇ ਭਰਤੀ ਕਰਕੇ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ, ਸਰਕਾਰੀ ਵਿਭਾਗਾਂ ਦੇ ਨਿੱਜੀਕਰਣ, ਨਿਗਮੀਕਰਣ, ਪੁਨਰ ਗਠਨ ਨੂੰ ਬੰਦ ਕੀਤਾ ਜਾਵੇ, ਮੰਹਿਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਦੀ ਅਦਾਇਗੀ ਯਕ ਮੁਸ਼ਤ ਕੀਤੀ ਜਾਵੇ, ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ, ਸੰਵਿਧਾਨ ਦੀ ਰਾਖੀ ਕੀਤੀ ਜਾਵੇ, ਕੈਸ਼ਲੈਸ ਹੈਲਥ ਸਕੀਮ ਦੀਆਂ ਤਰੁਟੀਆਂ ਦੂਰ ਕਰਕੇ ਮੁੜ ਚਾਲੂ ਕੀਤਾ ਜਾਵੇ। ਆਗੂਆਂ ਵਲੋਂ ਸੂਬੇ ਦੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵਰਗ ਨੂੰ ਇਸ ਦੇਸ਼ ਵਿਆਪੀ ਹੜਤਾਲ ਦੀ ਸਫਲਤਾ ਲਈ ਪ੍ਰੇਰਿਤ ਕਰਨ ਹਿੱਤ ਮਿਤੀ 4 ਮਈ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿੱਚ ਭਰਵੀਂ ਸ਼ਮੂਲੀਅਤ ਦੀ ਅਪੀਲ ਕੀਤੀ ਹੈ। ਆਗੂਆਂ ਆਖਿਆ ਕਿ 04 ਮਈ ਦੀ ਜਲੰਧਰ ਕਨਵੈਂਸ਼ਨ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਸਾਂਝਾ ਫਰੰਟ ਵੱਲੋਂ ਆਪਣੀ 04 ਮਈ ਦੀ ਮੀਟਿੰਗ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ। ਸਾਂਝਾ ਫਰੰਟ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ 30 ਅਪ੍ਰੈਲ ਨੂੰ ਵਿੱਤ ਵਿਭਾਗ ਨਾਲ ਸਾਂਝਾ ਫਰੰਟ ਦੇ ਆਗੂਆਂ ਦੀ ਮੀਟਿੰਗ ਜੋ ਮੁਲਤਵੀ ਕੀਤੀ ਗਈ ਹੈ, ਉਸ ਨੂੰ ਜਲਦ ਦੁਬਾਰਾ ਰੱਖ ਕੇ ਸਾਂਝਾ ਫਰੰਟ ਤੇ ਆਗੂਆਂ ਨੂੰ ਸੂਚਿਤ ਕੀਤਾ ਜਾਵੇ। ਮੀਟਿੰਗ ਰਾਹੀਂ ਇੱਕ ਸੋਗ ਮਤੇ ਰਾਹੀਂ ਸ਼੍ਰੀਨਗਰ ਦੇ ਸ਼ਹਿਰ ਪਹਿਲਗਾਮ ਅੰਦਰ ਸੈਰ ਸਪਾਟੇ ਲਈ ਗਏ ਬੇਗੁਨਾਹਾਂ ਦੀਆਂ ਕੀਤੀਆਂ ਦਰਦਨਾਕ ਹੱਤਿਆਵਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਹਥਿਆਰਿਆਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਦੀ ਕੀਤੀ। ਮੀਟਿੰਗ ਦੌਰਾਨ ਇੱਕ ਨਿਖੇਧੀ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਵੱਖ-ਵੱਖ ਮੰਡਲਾਂ ਨੂੰ ਨਿਜੀ ਹੱਥਾਂ ਵਿੱਚ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਮੇਤ ਹੋਰ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਵੇਚਣ ਦੀ ਨੀਤੀ ਵਾਪਸ ਲਵੇ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਤੀਰਥ ਸਿੰਘ ਬਾਸੀ, ਐਨ.ਡੀ. ਤਿਵਾੜੀ, ਪ੍ਰੇਮ ਚਾਵਲਾ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ ਆਦਿ ਆਗੂ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।