ਵਡੋਦਰਾ/ਅੰਮ੍ਰਿਤਸਰ, 4 ਮਈ,ਬੋਲੇ ਪੰਜਾਬ ਬਿਊਰੋ ,
ਅੰਮ੍ਰਿਤਸਰ ਤੋਂ ਮੁੰਬਈ ਜਾ ਰਹੀ ਗੋਲਡਨ ਟੈਂਪਲ ਐਕਸਪ੍ਰੈਸ ਵਿੱਚੋਂ ਬੀਤੇ ਦਿਨੀ ਗਊ ਮਾਸ ਬਰਾਮਦ ਹੋਇਆ। ਪੁਲਿਸ ਨੇ ਇਸ ਮਾਮਲੇ ’ਚ ਵਿਜੇ ਸਿੰਘ ਅਤੇ ਜ਼ਫਰ ਸ਼ਬੀਰ ਨਾਂ ਦੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵਡੋਦਰਾ ਰੇਲਵੇ ਪੁਲਿਸ ਅਨੁਸਾਰ, ਇੱਕ ਮੁਖਬਰ ਨੇ ਬੀਫ ਦੀ ਤਸਦੀਕ ਵਾਲੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ 16 ਪਾਰਸਲਾਂ ਦੀ ਜਾਂਚ ਕੀਤੀ ਗਈ। ਫੋਰੈਂਸਿਕ ਲੈਬਾਰਟਰੀ ਦੀ ਰਿਪੋਰਟ ਆਉਣ ’ਤੇ ਪੁਸ਼ਟੀ ਹੋਈ ਕਿ ਇਹ ਗਊ ਮਾਸ ਹੈ।
ਪੁਲਿਸ ਸੁਪਰਡੈਂਟ ਸਰੋਜ ਕੁਮਾਰੀ ਨੇ ਦੱਸਿਆ ਕਿ ਇਹ ਪਾਰਸਲ ਅੰਮ੍ਰਿਤਸਰ ਤੋਂ ਭੇਜੇ ਗਏ ਸਨ ਅਤੇ ਮੁੰਬਈ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਿਜੇ ਸਿੰਘ ਨੂੰ ਭੇਜਣ ਵਾਲਾ ਤੇ ਜ਼ਫਰ ਸ਼ਬੀਰ ਨੂੰ ਲੈਣ ਵਾਲਾ ਦੱਸਿਆ ਗਿਆ ਹੈ।
ਦੋਹਾਂ ਖਿਲਾਫ ਜਾਨਵਰਾਂ ਨਾਲ ਬੇਰਹਿਮੀ ਰੋਕੂ ਐਕਟ ਹੇਠ ਮਾਮਲਾ ਦਰਜ ਹੋਇਆ ਹੈ ਅਤੇ ਛਾਪੇਮਾਰੀ ਜਾਰੀ ਹੈ। ਪੁਲਿਸ ਵੱਲੋਂ ਦੋਹਾਂ ਨੂੰ ਜਲਦ ਕਾਬੂ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ।














