ਚੰਡੀਗੜ੍ਹ, 6 ਮਈ,ਬੋਲੇ ਪੰਜਾਬ ਬਿਊਰੋ “
ਪੰਜਾਬ ਪੁਲਿਸ ਨੂੰ ਆਈ.ਐਸ.ਆਈ. ਸਮਰਥਿਤ ਅੱਤਵਾਦੀ ਨੈੱਟਵਰਕਾਂ ਵਿਰੁੱਧ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਦਿਆਂ ਦੱਸਿਆ ਕਿ ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਟਿੱਬਾ ਨੰਗਲ-ਕੁਲਾਰ ਰੋਡ, ਜਿਲ੍ਹਾ ਐਸ.ਬੀ.ਐਸ. ਨਗਰ ਦੇ ਨੇੜਲੇ ਜੰਗਲੀ ਇਲਾਕੇ ’ਚ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਅੱਤਵਾਦੀ ਹਥਿਆਰਾਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ।
ਬਰਾਮਦਗੀ ’ਚ ਦੋ ਰਾਕੇਟ-ਪ੍ਰੋਪੇਲਡ ਗ੍ਰਨੇਡ (ਆਰ.ਪੀ.ਜੀ.), ਦੋ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.), ਪੰਜ ਪੀ-86 ਹੈਂਡ ਗ੍ਰਨੇਡ ਅਤੇ ਇੱਕ ਵਾਇਰਲੈੱਸ ਕਮਿਊਨੀਕੇਸ਼ਨ ਸੈੱਟ ਸ਼ਾਮਿਲ ਹੈ।
ਡੀ.ਜੀ.ਪੀ. ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਇਹ ਇਸ਼ਾਰਾ ਮਿਲਿਆ ਹੈ ਕਿ ਇਹ ਹਥਿਆਰ ਪੰਜਾਬ ’ਚ ਸਲੀਪਰ ਸੈੱਲਾਂ ਨੂੰ ਮੁੜ ਸਰਗਰਮ ਕਰਨ ਦੀ ਨੀਅਤ ਨਾਲ ਆਏ ਸਨ। ਇਹ ਸਾਜਿਸ਼ ਪਾਕਿਸਤਾਨ ਦੀ ਆਈ.ਐਸ.ਆਈ. ਅਤੇ ਹੋਰ ਅੱਤਵਾਦੀ ਗਠਜੋੜਾਂ ਦੀ ਸਾਂਝੀ ਯੋਜਨਾ ਦਾ ਹਿੱਸਾ ਲੱਗਦੀ ਹੈ।












