ਬਠਿੰਡਾ, 6 ਮਈ,ਬੋਲੇ ਪੰਜਾਬ ਬਿਊਰੋ :
ਮਾਨਸਾ ਰੋਡ ਇੰਡਸਟਰੀਅਲ ਖੇਤਰ ’ਚ ਸਥਿਤ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਅੱਜ ਸੋਮਵਾਰ ਦੁਪਹਿਰ ਇਕ ਦੁਖਦਾਈ ਘਟਨਾ ਵਾਪਰੀ।ਇੱਥੇ ਇਕ 32 ਸਾਲਾ ਨੌਜਵਾਨ ਨੇ ਬਾਥਰੂਮ ’ਚ ਫਾਹਾ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਹੋਰ ਮਰੀਜ਼ਾਂ ਨੇ ਬਾਥਰੂਮ ’ਚ ਲਾਸ਼ ਲਟਕਦੀ ਵੇਖੀ ਅਤੇ ਤੁਰੰਤ ਸਟਾਫ਼ ਨੂੰ ਸੂਚਨਾ ਦਿੱਤੀ ਗਈ। ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਸਹਾਰਾ ਜਨ ਸੇਵਾ ਟੀਮ ਦੀ ਸਹਾਇਤਾ ਨਾਲ ਲਾਸ਼ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਭੇਜਿਆ ਗਿਆ।
ਮ੍ਰਿਤਕ ਦੀ ਪਛਾਣ ਸੋਮ ਰਾਜ ਵਜੋਂ ਹੋਈ ਹੈ, ਜੋ ਪਿੰਡ ਦਿਉਣ ਖੇੜਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਸੀ ਅਤੇ 2 ਮਈ ਨੂੰ ਹੀ ਕੇਂਦਰ ’ਚ ਦਾਖਲ ਕਰਵਾਇਆ ਗਿਆ ਸੀ।












