ਜਗਰਾਉਂ, 8 ਮਈ,ਬੋਲੇ ਪੰਜਾਬ ਬਿਊਰੋ :
‘ਨਸ਼ਿਆਂ ਵਿਰੁੱਧ ਜੰਗ’ ਤਹਿਤ, ਪੁਲਿਸ ਥਾਣਾ ਸਦਰ ਜਗਰਾਉਂ ਨੇ ਇੱਕ ਨਸ਼ਾ ਤਸਕਰ ਨੂੰ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਥਾਣਾ ਸਦਰ ਦੇ ਸਬ-ਇੰਸਪੈਕਟਰ ਸੁਰਜੀਤ ਸਿੰਘ ਦੇ ਅਨੁਸਾਰ, ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਪਿੰਡ ਡੱਲਾ ਵਿੱਚ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ ਮੌਜੂਦ ਸਨ, ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਤਸਕਰ ਪਿੰਡ ਨਵਾਂ ਡੱਲਾ ਨੇੜੇ ਨਸ਼ੀਲੇ ਪਦਾਰਥਾਂ ਨਾਲ ਘੁੰਮ ਰਿਹਾ ਹੈ ਅਤੇ ਗਾਹਕਾਂ ਦੀ ਭਾਲ ਵਿੱਚ ਹੈ।
ਪੁਲਿਸ ਪਾਰਟੀ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ, ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸਲੀਮ ਪੁੱਤਰ ਗੁਰਦਿੱਤ ਸਿੰਘ ਵਾਸੀ ਜਗਰਾਉਂ ਨੂੰ ਪਿੰਡ ਨਵਾਂ ਡੱਲਾ ਨੇੜੇ 8 ਗ੍ਰਾਮ ਹੈਰੋਇਨ ਅਤੇ 40 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ 1300 ਰੁਪਏ ਦੀ ਡਰੱਗ ਮਨੀ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਜਗਰਾਉਂ ਸਦਰ ਥਾਣੇ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।












