ਬੰਗਲਾਦੇਸ਼, 11 ਮਈ ,ਬੋਲੇ ਪੰਜਾਬ ਬਿਊਰੋ :
ਬੰਗਲਾਦੇਸ਼ ਦੀ ਰਾਜਨੀਤੀ ’ਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਨੋਬੇਲ ਇਨਾਮ ਵਿਜੇਤਾ ਮੁਹੰਮਦ ਯੂਨਸ ਦੀ ਅਗਵਾਈ ਹੇਠ ਚੱਲ ਰਹੀ ਅੰਤਰਿਮ ਸਰਕਾਰ ਨੇ ਅੱਜ ਇੱਕ ਵੱਡਾ ਫੈਸਲਾ ਲੈਂਦਿਆਂ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ।
ਇਹ ਫੈਸਲਾ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ, ਜਿੱਥੇ ਸਰਕਾਰੀ ਸਲਾਹਕਾਰ ਲੰਬੀ ਚਰਚਾ ਤੋਂ ਬਾਅਦ ਇਸ ਨਤੀਜੇ ’ਤੇ ਪਹੁੰਚੇ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਹਾਲੀਆ ਵੱਡੇ ਪੱਧਰ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੱਟੜਪੰਥੀ ਧਿਰਾਂ ਵੱਲੋਂ ਰਾਜਧਾਨੀ ਵਿੱਚ ਭਾਰੀ ਭੀੜ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਦੀ ਮੰਗ ਸੀ ਕਿ ਅਵਾਮੀ ਲੀਗ ’ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦਬਾਅ ਦੇ ਮੱਦੇਨਜ਼ਰ, ਅੰਤ ਵਿੱਚ ਸਰਕਾਰ ਨੇ ਅਸਥਾਈ ਪਾਬੰਦੀ ਲਗਾ ਕੇ ਸਿਆਸੀ ਗਤੀਵਿਧੀਆਂ ’ਚ ਇਕ ਨਵਾਂ ਮੋੜ ਲਿਆ ਦਿੱਤਾ ਹੈ।














