ਡਾ. ਸੰਗੀਤਾ ਜੈਨ ਨੇ ਦਿਤੀਆਂ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ
ਗਰਭਵਤੀ ਔਰਤਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਹੀ ਜਣੇਪਾ ਕਰਵਾਉਣ ਦੀ ਅਪੀਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਮਈ ,ਬੋਲੇ ਪੰਜਾਬ ਬਿਊਰੋ :
ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ’ਚ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸੇਵਾਵਾਂ ਅਤੇ ਲੋੜੀਂਦੀ ਦੇਖਭਾਲ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦਾ ਜਲਦ ਤੋਂ ਜਲਦ ਪੰਜੀਕਰਣ ਕੀਤਾ ਜਾਵੇ ਅਤੇ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਕਿ ਜਣੇਪੇ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਠੱਲ੍ਹ ਪਾਈ ਜਾ ਸਕੇ।
ਡਾ. ਜੈਨ ਨੇ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਤਾਕਿ ਸਮੇਂ ਸਿਰ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਤਰ੍ਹਾਂ ਜਣੇਪੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਸਿਵਲ ਸਰਜਨ ਨੇ ਆਖਿਆ ਕਿ ਸਿਹਤ ਵਿਭਾਗ ਦੇ ਪ੍ਰਮੁੱਖ ਉਦੇਸ਼ਾਂ ਵਿੱਚੋਂ ਇੱਕ ਮਾਤਰੀ ਮੌਤ ਦਰ ਨੂੰ ਘਟਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਕੇਂਦਰ ਵਿਚ ਕੋਈ ਵੀ ਗਰਭਵਤੀ ਪਹਿਲੀ ਵਾਰ ਚੈੱਕਅਪ ਦੌਰਾਨ ਹੀ ਉੱਚ-ਜੋਖਮ ਵਾਲੀ ਪ੍ਰਤੀਤ ਹੋਵੇ ਜਿਵੇਂ ਬੀ. ਪੀ. ਵਧਦਾ ਹੋਵੇ, ਖੂਨ 7 ਗ੍ਰਾਮ ਤੋਂ ਘੱਟ ਹੋਵੇ ਜਾਂ 5 ਫੁੱਟ ਤੋਂ ਘੱਟ ਕੱਦ ਹੋਵੇ ਆਦਿ ਤਾਂ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ’ਤੇ ਰੈਫਰ ਕੀਤਾ ਜਾਵੇ।
ਡਾ. ਸੰਗੀਤਾ ਜੈਨ ਨੇ ਅਪੀਲ ਕੀਤੀ ਕਿ ਗਰਭਵਤੀ ਔਰਤਾਂ ਨੂੰ ਅਪਣਾ ਜਣੇਪਾ ਸਰਕਾਰੀ ਸਿਹਤ ਸੰਸਥਾਵਾਂ ਵਿਚ ਹੀ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਜੱਚਾ ਅਤੇ ਬੱਚਾ ਨੂੰ ਉੱਚ ਪੱਧਰ ਦੀਆਂ ਜਾਂਚ, ਇਲਾਜ ਤੇ ਜਣੇਪਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ l ਮੁਫ਼ਤ ਸਹੂਲਤਾਂ ਵਿਚ ਮੁਫ਼ਤ ਜਾਂਚ ਅਤੇ ਦਵਾਈਆਂ, ਮੁਫ਼ਤ ਅਲਟਰਾਸਾਊਂਡ, ਮੁਫ਼ਤ ਖਾਣਾ, ਸਿਹਤ ਸੰਸਥਾ ਤਕ ਆਉਣ ਅਤੇ ਵਾਪਸ ਘਰ ਜਾਣ ਲਈ ਮੁਫ਼ਤ ਟਰਾਂਸਪੋਰਟ ਸਹੂਲਤ । ਇਸੇ ਤਰ੍ਹਾਂ ਨਵਜਨਮੇ ਬੱਚੇ ਨੂੰ ਇਕ ਸਾਲ ਤਕ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ।












