ਨਵੀਂ ਦਿੱਲੀ, 12 ਮਈ,ਬੋਲੇ ਪੰਜਾਬ ਬਿਊਰੋ :
ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਖਾਲਿਸਤਾਨੀ ਕਾਰਕੁਨ ਕਾਬੂ ਕੀਤਾ ਹੈ ਜੋ 2016 ਵਿੱਚ ਨਾਭਾ ਜੇਲ ਤੋੜ ਕੇ ਭੱਜਣ ਵਾਲਿਆਂ ਵਿੱਚ ਸ਼ਾਮਲ ਸੀ। ਗ੍ਰਿਫ਼ਤਾਰ ਹੋਇਆ ਵਿਅਕਤੀ ਕਸ਼ਮੀਰ ਸਿੰਘ ਗਲਵਾੜੀ, ਲੁਧਿਆਣਾ ਦਾ ਨਿਵਾਸੀ ਹੈ, ਜੋ ਬੱਬਰ ਖ਼ਾਲਸਾ ਦੇ ਰਿੰਦਾ ਗਿਰੋਹ ਦਾ ਅਹਿਮ ਹਿੱਸਾ ਦੱਸਿਆ ਜਾ ਰਿਹਾ ਹੈ।
ਐਨ.ਆਈ.ਏ. ਨੇ ਬਿਹਾਰ ਦੇ ਮੋਤੀਹਾਰੀ ’ਚ ਸਥਾਨਕ ਪੁਲਿਸ ਨਾਲ ਸਾਂਝੇ ਤੌਰ ’ਤੇ ਇਹ ਗ੍ਰਿਫ਼ਤਾਰੀ ਕੀਤੀ। ਏਜੰਸੀ ਦੇ ਅਧਿਕਾਰਕ ਬਿਆਨ ਅਨੁਸਾਰ, ਨਾਭਾ ਜੇਲ ਤੋਂ ਭੱਜਣ ਤੋਂ ਬਾਅਦ ਕਸ਼ਮੀਰ ਸਿੰਘ ਨੇ ਰਿੰਦਾ ਨਾਲ ਮਿਲ ਕੇ ਅੱਤਵਾਦੀ ਗਤੀਵਿਧੀਆਂ ਨੂੰ ਹੋਰ ਤੇਜ਼ੀ ਨਾਲ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ।
ਬਿਆਨ ’ਚ ਦੱਸਿਆ ਗਿਆ ਕਿ ਰਿੰਦਾ ਦਾ ਇਹ ਸਾਥੀ ਨੇਪਾਲ ਰਾਹੀਂ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਲਈ ਲੋਜਿਸਟਿਕ ਸਹਾਇਤਾ, ਪਨਾਹਗਾਹਾਂ ਅਤੇ ਫੰਡ ਮੁਹੱਈਆ ਕਰਵਾਉਂਦਾ ਸੀ। ਇਹ ਰਿੰਦਾ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਦੇ ਨੇਟਵਰਕ ਦਾ ਅਹਿਮ ਹਿੱਸਾ ਸੀ।
ਐਨ.ਆਈ.ਏ. ਅਨੁਸਾਰ, ਕਸ਼ਮੀਰ ਸਿੰਘ ਉਹਨਾਂ ਭਗੌੜਿਆਂ ਵਿੱਚੋਂ ਹੈ ਜੋ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਰਟਰ ’ਤੇ RPG ਹਮਲੇ ਵਿੱਚ ਸ਼ਾਮਲ ਰਹੇ ਹਨ ਅਤੇ ਹਮਲੇ ਤੋਂ ਬਾਅਦ ਨੇਪਾਲ ਭੱਜ ਗਿਆ ਸੀ।














