ਨਵੀਂ ਦਿੱਲੀ, 12 ਮਈ,ਬੋਲੇ ਪੰਜਾਬ ਬਿਊਰੋ ;
ਉੱਤਰ ਪੱਛਮੀ ਦਿੱਲੀ ਦੇ ਆਦਰਸ਼ ਨਗਰ ਥਾਣਾ ਖੇਤਰ ਵਿੱਚ ਇੱਕ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਰਿਵਾਰ ਨੇ ਮਿਲ ਕੇ ਜ਼ਹਿਰੀਲਾ ਪਦਾਰਥ ਖਾ ਲਿਆ। ਮਾਮਲਾ ਸੰਗਮ ਪਾਰਕ ਵਿਖੇ ਡੀਐਸਆਈਡੀਸੀ ਸ਼ੈੱਡ ਨੰਬਰ 63 ਨਾਲ ਜੁੜਿਆ ਹੋਇਆ ਹੈ।
ਸੂਤਰਾਂ ਮੁਤਾਬਕ, ਹਰਦੀਪ ਸਿੰਘ, ਜਿਸ ਨੇ ਹਾਲ ਹੀ ਵਿੱਚ 8 ਹਜ਼ਾਰ ਰੁਪਏ ਮਹੀਨਾ ਕਿਰਾਏ ’ਤੇ ਇੱਕ ਕਮਰਾ ਲਿਆ ਸੀ, ਅੱਜ ਸਵੇਰੇ ਆਪਣੀ ਪਤਨੀ ਹਰਪ੍ਰੀਤ ਕੌਰ (38), ਪੁੱਤਰ ਜਗਦੀਸ਼ ਸਿੰਘ (16) ਅਤੇ ਧੀ ਹਰਗੁਲ ਕੌਰ (15) ਨਾਲ ਸ਼ੈੱਡ ’ਤੇ ਪਹੁੰਚਿਆ। ਓਥੇ ਚਾਰਾਂ ਨੇ ਇੱਕ ਪਲਾਸਟਿਕ ਦੇ ਗਲਾਸ ਵਿੱਚ ਸੰਤਰੀ ਰੰਗ ਦਾ ਪਾਊਡਰ ਪਾਣੀ ਵਿੱਚ ਘੋਲ ਕੇ ਪੀ ਲਿਆ, ਜਿਸ ਕਾਰਨ ਸਭ ਦੀ ਹਾਲਤ ਗੰਭੀਰ ਹੋ ਗਈ।
ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਸਾਰਿਆਂ ਨੂੰ ਰਿਆਇਸ਼ੀ ਹਸਪਤਾਲ ’ਚ ਦਾਖਲ ਕਰਵਾਇਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਹਿਰੀਲੇ ਪਦਾਰਥ ਦੀ ਪਛਾਣ ਲਈ ਪਾਊਡਰ ਅਤੇ ਕੱਚ ਦੇ ਨਮੂਨੇ FSL ਨੂੰ ਭੇਜੇ ਜਾ ਰਹੇ ਹਨ।
ਪੁਲਿਸ ਅਧਿਕਾਰੀ ਅਨੁਸਾਰ, ਪਰਿਵਾਰ ਕਿਸੇ ਆਰਥਿਕ ਜਾਂ ਪਰਿਵਾਰਕ ਤਣਾਅ ਦਾ ਸ਼ਿਕਾਰ ਹੋ ਸਕਦਾ ਹੈ, ਪਰ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਹਰ ਕੋਣ ਤੋਂ ਜਾਂਚ ਜਾਰੀ ਹੈ।














