ਨਕਲੀ ਸ਼ਰਾਬ ਨਾਲ ਵਿਛਣ ਵਾਲੇ ਮੌਤਾਂ ਦੇ ਸੱਥਰ ਨੂੰ ਠੱਲ੍ਹ ਪਾਉਣ ਦੀ ਲੋੜ 

ਸਾਹਿਤ ਪੰਜਾਬ

12 ਮਈ ਨੂੰ ਅੰਮ੍ਰਿਤਸਰ ਦੇ ਕਸਬਾ ਮਜੀਠਾ ਦੇ ਪਿੰਡ ਭੰਗਾਲੀ ਚ ਇੱਕ ਇੱਟਾਂ ਦੇ ਭੱਠੇ ਉੱਤੇ ਕੰਮ ਕਰਦੇ ਮਜ਼ਦੂਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਜਣਿਆਂ ਦੀ ਮੌਤ ਹੋਣ ਦੀ ਬੁਰੀ ਖ਼ਬਰ ਸਾਹਮਣੇ ਆਈ ਹੈ।ਜਿਸ ਨੇ ਕਈ ਤਰਾਂ ਦੇ ਸਵਾਲ ਖੜੇ ਕਰ ਦਿੱਤੇ ਹਨ।ਪੰਜਾਬ ਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ।ਇਸ ਤੋਂ ਪਹਿਲਾਂ ਪਿਛਲੇ ਸਾਲ 2024 ਚ ਜਿਲਾ ਸੰਗਰੂਰ ਦੇ ਪਿੰਡ ਗੁੱਜਰਾਂ ਚ ਸ਼ਰਾਬ ਪੀਣ ਨਾਲ 8 ਮੌਤਾਂ ਹੋਣ ਦੀ ਘਟਨਾ ਵਾਪਰੀ ਸੀ।ਉਸ ਤੋ ਪਹਿਲਾਂ ਵੀ ਪੰਜਾਬ ਚ ਅਨੇਕਾਂ ਵਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਹਰ ਵਰ੍ਹੇ ਸੈਕੜੇ ਅਜਾਂਈ ਮੌਤਾਂ ਚਲੀਆ ਗਈਆਂ।ਹਰ ਵਾਰ ਜਾਂਚ ਦੀ ਮੰਗ ਉਠੱਦੀ ਹੈ,ਫਿਰ ਜਾਂਚ ਕਰਵਾਉਣ ਦੇ ਹੁਕਮ ਹੁੰਦੇ ਹਨ ਤੇ ਜਾਂਚ ਸ਼ੁਰੂ ਹੁੰਦੀ ਹੈ।ਪਰ ਜਿਵੇਂ ਹੀ ਲੋਕ ਰੋਹ ਠੰਡਾ ਹੁੰਦਾ ਹੈ,ਜਾਂਚ ਦੀਆਂ ਫਾਇਲਾਂ ਧੂੜ ਥੱਲੇ ਦਬ ਕੇ ਰਹਿ ਜਾਂਦੀਆਂ ਹਨ।ਉੱਨੇ ਨੂੰ ਭੰਗਾਲੀ ਵਾਂਗ ਮਿਲਦੀ ਜੁਲਦੀ ਅਗਲੀ ਘਟਨਾ ਵਾਪਰ ਜਾਦੀ ਹੈ ਤੇ ਫਿਰ ਉਹੀ ਜਾਂਚ ਵਾਲਾ ਸਿਲਸਲਾ ਸ਼ੁਰੂ ਹੁੰਦਾ ਹੈ।

        ਹੁਣ ਵੀ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮੁਤਾਬਕ ਪਿੰਡ ਭੰਗਾਲੀ ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਚ ਐੱਫ਼ ਆਈ ਆਰ ਨੰਬਰ 42 ਅਧੀਨ ਧਾਰਾ 105 ਬੀਐਨਐਸ ਅਤੇ 61 ਐਕਸਾਈਜ਼ ਤਹਿਤ ਮੁਕਦਮਾ ਦਰਜ ਕਰ ਕੇ ਪ੍ਰਭਜੀਤ ਸਿੰਘ ਉਰਫ ਬਾਬੂ, ਕੁਲਬੀਰ ਸਿੰਘ ਉਰਫ ਜੱਗੂ, ਸਾਹਿਬ ਸਿੰਘ ਉਰਫ ਰਾਈ, ਗੁਰਜੰਟ ਸਿੰਘ ਉਰਫ ਜੰਟਾ,ਸਿਕੰਦਰ ਸਿੰਘ ਉਰਫ ਪੱਪੂ, ਅਰੁਣ ਕੁਮਾਰ ਉਰਫ ਕਾਲਾ ਅਤੇ ਨਿੰਦਰ ਕੌਰ ਪਤਨੀ ਜੀਤਾ ਸਿੰਘ ਸਮੇਤ ਕੁੱਲ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਜਦ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਵੀ ਖੁਦ ਮੌਕੇ ਤੇ ਪਹੁੰਚੇ ਤੇ  ਜਿਨਾਂ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜ ਪਿੰਡਾਂ ਦੇ ਲੋਕ ਪ੍ਰਭਾਵਤ ਹੋਏ ਹਨ।ਅਸੀ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮ ਨੂੰ ਇੱਕ ਚੰਗਾ ਕਦਮ ਕਹਿ ਸਕਦੇ ਹਾਂ।ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਸ ਘਟਨਾ ਪ੍ਰਤੀ ਗੰਭੀਰਤਾ ਵਿਖਾਉਂਦਿਆਂ ਟਵੀਟ ਕਰਕੇ ਜਹਿਰੀਲ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਨੂੰ ਕਤਲ ਦੱਸਿਆ ਗਿਆ ਹੈ ਤੇ ਦੋਸ਼ੀਆਂ ਨੂੰ ਨਾ ਬਖ਼ਸ਼ੇ ਜਾਣ ਦਾ ਵਾਅਦਾ ਕੀਤਾ ਗਿਆ ਹੈ।ਮੁੱਖ ਮੰਤਰੀ ਦੇ ਇਸ ਟਵੀਟ ਤੋਂ ਲੱਗਦਾ ਹੈ ਕੇ ਉਹ ਜ਼ਹਿਰੀਲੀ ਸ਼ਰਾਬ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਚੋਖਾ ਸਖ਼ਤ ਹਨ ਤੇ ਨਾਲ ਹੀ ਇਹ ਵੀ ਲੱਗਦਾ ਹੈ ਕਿ ਉਹ ਜ਼ਹਿਰੀਲੀ ਸ਼ਰਾਬ ਦੀ ਰੋਕਥਾਮ ਬਾਰੇ ਕੋਈ ਨਾ ਕੋਈ ਸਖ਼ਤ ਐਕਸ਼ਨ ਵੀ ਜਰੂਰ ਲੈਣਗੇ।ਜਿਸ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਦੀ ਉਮੀਦ ਕੀਤੀ ਜਾ ਸਕਦੀ ਹੈ।ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਘਟਨਾ ਨੂੰ ਲੈ ਕੇ ਟਵੀਟ ਵੀ ਇਸ ਘਟਨਾ ਪ੍ਰਤੀ ਸਰਕਾਰ ਦੇ  ਸਖ਼ਤ ਰੁਖ ਨੂੰ ਦਰਸਾਉਂਦਾ ਨਜ਼ਰ ਆ ਰਿਹਾ ਹੈ।

 ਦਸ ਦਈਏ ਕਿ ਇਹ ਸਤਰਾਂ ਲਿਖੇ ਜਾਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਤੇ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ।

ਅਗਲਾ ਸਵਾਲ ਅਸੀ ਘਟਨਾ ਵਾਪਰਨ ਮਗਰੋਂ ਹੀ ਹਰਕਤ ਚ ਕਿਉਂ ਆਂਉਦੇ ਹਾਂ ?ਪਹਿਲਾਂ ਕਿਉ ਨਹੀ ਸਾਰਥਕ ਕਦਮ ਉਠਾਏ ਜਾਂਦੇ ? ਸ਼ਰਾਬ ਦੀਆਂ ਨਿਜਾਇਜ ਫੈਕਟਰੀਆਂ ਤੇ ਨਿਕੇਲ ਕੌਣ ਲਾਓ ? ਇਸ ਤੋਂ ਪਹਿਲਾਂ ਵੀ ਨਕਲੀ ਸ਼ਰਾਬ ਤਿਆਰ ਕਰਨ ਤੇ ਵੇਚਣ ਵਾਲੇ ਮਾਫੀਆ ਦੀ ਬਦੌਲਤ ਸੰਗਰੂਰ,ਅਮਿ੍ਤਸਰ,ਤਰਨ ਤਾਰਨ ਤੇ ਗੁਰਦਾਸਪਰ ਆਦੀ ਜਿਲਿਆ ਚ ਨਕਲੀ ਸ਼ਰਾਬ ਨਾਲ ਸੈਕੜੇ ਮੌਤਾ ਹੋ ਚੁੱਕੀਆ ਹਨ ਕਈ ਵਿਅਕਤੀਆਂ ਨੂੰ ਗਿ੍ਫਤਾਰ ਵੀ ਕੀਤਾ ਗਿਆ।ਪਰ ਬਣਿਆ ਕੀ ?ਸਭ ਦੇ ਸਾਹਮਣੇ ਹੈ।

     ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋ ਚਾਰ ਹਫਤਿਆਂ ਚ ਨਸ਼ਾ ਖਤਮ ਕੀਤੇ ਜਾਣ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕ ਕਿ ਪੰਜਾਬ ਦੀ ਸਤਾ ਤੇ ਕਾਬਜ ਹੋਇਆ ਗਿਆ।ਪਰ ਰਿਜਲਟ ਜ਼ੀਰੋ ਰਿਹਾ।ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਢੀ ਨਸ਼ੇ ਖਿਲਾਫ ਮੁਹਿੰਮ ਨੂੰ  ਜ਼ਹਿਰੀਲੀ ਸ਼ਰਾਬ ਦੀ ਇਸ ਘਟਨਾ ਨੇ ਗ੍ਰਹਿਣ ਲਾ ਦਿੱਤਾ ਹੈ।ਜਿਸ ਨਾਲ ਸੂਬਾ ਸਰਕਾਰ ਦੀ ਨਸ਼ੇ ਖਿਲਾਫ ਮੁਹਿੰਮ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ?ਪਤਾ ਨਹੀ ਸਰਕਾਰਾਂ ਕਿਉਂ ਘਟਨਾ ਵਾਪਰ ਜਾਣ ਪਿੱਛੋਂ ਹੀ ਹਰਕਤ ਚ ਆਉਦੀਆ ਹਨ,ਪਹਿਲਾਂ ਕਿਉ ਨਹੀ?ਅਗਰ ਸਰਕਾਰ ਤੇ ਪ੍ਸ਼ਾਸ਼ਨ ਅਗੇਤ ਚ ਕਦਮ ਚੁੱਕਣ ਤਾਂ ਗੁੱਜਰਾਂ ਤੇ ਭੰਗਾਲੀ ਵਰਗੀਆਂ ਘਟਨਾਵਾਂ ਨੂੰ ਵਾਪਰਨ ਤੋ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।

      ਬੇਸ਼ੱਕ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਕ ਚੰਗਾ ਕਦਮ ਚੁੱਕਿਆ ਗਿਆ ਹੈ।ਪਰ ਫਿਰ ਵੀ ਸਵਾਲ ਖੜਾ ਹੁੰਦਾ ਹੈ ਕਿ  ਪੰਜਾਬ ਚ ਸ਼ਰਾਬ ਨਾਲ ਮੌਤਾਂ ਦੇ ਇਹ ਸੱਥਰ ਕਦੋਂ ਤੱਕ ਵਿਛਦੇ ਰਹਿਣਗੇ?ਕਦੋਂ ਤੱਕ ਸੁਹਾਗਣਾ ਦੇ ਸੁਹਾਗ ਉਜੜਦੇ ਰਹਿਣਗੇ? ਕਦੋਂ ਤੱਕ ਭੈਣਾ ਦੇ ਭਰਾ ਤੇ ਬੁੱਢੇ ਮਾਂ ਪਿਓ ਦੀ ਡੰਗੋਰੀ ਜ਼ਹਿਰੀਲੀ ਸ਼ਰਾਬ ਦੀ ਭੇਂਟ ਚੜਦੀ ਰਹੇਗੀ?ਕੀ ਹਰ ਵਾਰ ਦੀ ਤਰਾਂ ਮੁਕੱਦਮਾ ਦਰਜ਼ ਕਰਕੇ ਅਗਲੀ ਘਟਨਾ ਦੀ ਉਡੀਕ ਕੀਤੀ ਜਾਂਦੀ ਰਹੇਗੀ ਜਾਂ ਫਿਰ ਸਥਾਈ ਹੱਲ ਕੱਢਣ ਦੇ ਯਤਨ ਕੀਤੇ ਜਾਣਗੇ?

  ਕਿਉਂ ਨਹੀਂ ਅਸੀ ਅਜਿਹੀ ਵਿਵਸਥਾ ਕਰਦੇ ਤਾਂ ਜੋ ਅਜਿਹੀਆਂ ਘਟਨਾਵਾਂ ਸਦਾ ਲਈ ਬੰਦ ਹੋ ਜਾਣ ਤੇ ਅਜਾਈਂ ਜਾਣ ਵਾਲੀਆਂ ਵੱਡਮੁੱਲੀਆਂ ਜਾਨਾ ਬਚ ਸਕਣ।ਇਸ ਲਈ ਸਭ ਤੋਂ ਪਹਿਲਾਂ ਸਰਕਾਰ ਨੂੰ ਸ਼ਰਾਬ ਦੀਆਂ ਨਾਜਾਇਜ ਫੈਕਟਰੀਆਂ ਨੂੰ ਹਰ ਹਾਲ ਚ ਬੰਦ ਕਰਵਾਉਣਾ ਪਵੇਗਾ ਤਾਂ ਹੀ ਜ਼ਹਿਰੀਲੀ ਸ਼ਰਾਬ ਨਾਲ ਵਿਛਣ ਵਾਲੇ ਸਥਰਾਂ ਨੂੰ ਠੱਲ੍ਹ ਪੈ ਸਕਦੀ ਹੈ ਨਹੀਂ ਤਾਂ ਮੁਕੱਦਮਾ ਦਰਜ਼ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੋਈ ਬਹੁਤਾ ਲਾਭ ਨਹੀਂ ਹੋਵੇਗਾ।ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਭੰਗਾਲੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਾਵੇਗੀ ਤੇ ਇਸ ਸਮੱਸਿਆ ਦਾ ਸਥਾਈ ਹੱਲ ਕੱਢੇਗੀ।ਸੋ ਲੋੜ ਹੈ ਜ਼ਹਿਰੀਲੀ ਸ਼ਰਾਬ ਨਾਲ ਵਿਛਣ ਵਾਲੇ ਮੌਤਾਂ ਦੇ ਸੱਥਰ ਨੂੰ ਹਰ ਹਾਲ ਚ ਠੱਲ੍ਹ ਪਾਈ ਜਾਵੇ।

ਅਜੀਤ ਖੰਨਾ 

  (ਲੈਕਚਰਾਰ)

ਮੋਬਾਈਲ :76967-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।