ਮੋਬਾਈਲ ਨੇ ਸਾਡੀ ਪਰਵਾਰਕ ਸਾਂਝ ਨੂੰ ਖਾਹ ਲਿਆ !

ਸਾਹਿਤ ਪੰਜਾਬ

 

 ਮੋਬਾਈਲ ਨੇ ਪਰਵਾਰਕ ਮੈਂਬਰਾਂ ਚ ਮੋਹ ਦੀਆਂ ਤੰਦਾਂ ਨੂੰ ਨਾ ਕੇਵਲ ਮੋਕਲਾ ਕੀਤਾ ਸਗੋਂ ਕਮਜ਼ੋਰ ਵੀ ਕਰ ਦਿੱਤਾ ਹੈ।ਮੋਬਾਈਲ ਦੀ ਬਦੌਲਤ ਘਰ ਚ ਇਕੱਠੇ ਹੁੰਦੇ ਹੋਏ ਵੀ ਪਰਵਾਰ ਦੇ ਮੈਂਬਰ ਇਕ ਦੂਜੇ ਤੋਂ ਕੋਹਾਂ ਦੂਰ ਜਾਪਦੇ ਹਨ।ਇਥੋਂ ਤੱਕ ਕੇ ਇਕੋ ਕਮਰੇ ਚ ਬਿਲਕੁਲ ਕੋਲ ਕੋਲ ਬੈਠੇ ਹੋਏ ਵੀ ਅਸੀਂ ਮੋਬਾਈਲ ਚ ਇੰਨਾ ਜਿਆਦਾ ਮਸ਼ਰੂਫ ਹੁੰਦੇ ਹਾਂ ਕਿ ਪਰਵਾਰ ਦੇ ਦੂਸਰੇ ਮੈਂਬਰ ਨਾਲ ਪਰਵਾਰਕ ਗੱਲਬਾਤ ਕਰਨ ਦੀ ਬਜਾਏ ਮੋਬਾਈਲ ਤੇ ਸ਼ੋਸ਼ਲ ਮੀਡੀਆ ਵੇਖਣ ਚ ਲੱਗੇ ਰਹਿੰਦੇ ਹਾਂ।ਸਾਨੂੰ ਪਰਵਾਰ ਦੇ ਕਿਸੇ ਦੂਸਰੇ ਮੈਂਬਰ ਨਾਲ ਗੱਲਕਰਨ ਜਾਂ ਆਪਣੇ ਦੂਸਰੇ ਪਰਵਾਰਕ ਮੈਂਬਰ ਦਾ ਹਾਲ ਚਾਲ ਜਾਣਨ ਜਾਂ ਕਿਸੇ ਰਿਸ਼ਤੇਦਾਰ ਦੀ ਸੁਖ ਸਾਂਦ ਪੁੱਛਣ ਦਾ ਵੀ ਸਮਾਂ ਨਹੀਂ ਹੁੰਦਾ।ਇਹ ਨਹੀਂ ਕਿ ਅਸੀ ਮੋਬਾਈਲ ਤੇ ਬਹੁਤ ਜਰੂਰੀ ਗੱਲ ਕਰ ਰਹੇ ਹੁੰਦੇ ਹਨ ਜਾਂ ਕੋਈ ਜਰੂਰੀ ਕੰਮ ਕਰ ਰਹੇ ਹੁੰਦੇ ਹਨ।ਸਗੋਂ ਸ਼ੋਸ਼ਲ ਮੀਡੀਆ ਉੱਤੇ ਚੱਲ ਬੇਲੋੜੇ ਪ੍ਰਚਾਰ ਜਾਂ ਦ੍ਰਿਸ਼ ਵੇਖਣ ਚ ਬਿਨ ਮਤਲਬ ਰੁੱਝੇ ਰਹਿੰਦੇ ਹਾ।ਜਿਸਦਾ ਜਿੰਦਗੀ ਚ ਸ਼ਾਇਦ ਸਾਨੂੰ ਕੋਈ ਫਾਇਦਾ ਵੀ ਨਹੀਂ ਹੋਣਾ ਹੁੰਦਾ।

ਮੋਬਾਈਲ ਸਾਡੀ ਕਮਜ਼ੋਰੀ ਬਣ ਚੁੱਕਾ ਹੈ,ਇਹ ਇੱਕ ਕੌੜਾ ਸੱਚ ਹੈ।ਇਸੇ ਕਰਕੇ ਅਸੀਂ ਪਰਵਾਰਕ ਮੈਂਬਰਾਂ ਨਾਲ ਇਕੱਠੇ ਬੈਠ ਕੇ ਕੋਈ ਗੱਲਬਾਤ ਸਾਂਝੀ ਕਰਨ ਦੀ ਥਾਂ ਮੋਬਾਈਲ ਤੇ ਸ਼ੋਸ਼ਲ ਮੀਡੀਆ ਵੇਖਣ ਨੂੰ ਤਰਜੀਹ ਦਿੰਦੇ ਹਾਂ।ਸਿੱਟੇ ਵਜੋ ਪਰਵਾਰ ਦੇ ਮੈਂਬਰਾਂ ਵਿਚਲੀ ਸਾਂਝ ਲਗਭੱਗ ਖ਼ਤਮ ਹੁੰਦੀ ਜਾ ਰਹੀ ਹੈ।ਸਿੱਟੇ ਵੱਜੋਂ ਪਰਵਾਰਾਂ ਵਿਚਲਾ ਮੋਹ ਮੁਹੱਬਤ ਖੰਭ ਲਾ ਕੇ ਉੱਡ ਗਿਆ ਹੈ।ਮੈਂ ਤਾਂ ਇਹ ਕਹਾਂਗਾ ਮੋਬਾਈਲ ਦੀ ਬੇਲੋੜੀ ਵਰਤੋਂ ਨੇ ਸਾਡੀ ਪਰਵਾਰਕ ਸਾਂਝ ਨੂੰ ਖ਼ਤਮ ਹੀ ਨਹੀਂ ਕੀਤਾ ਸਗੋਂ ਸਾਨੂੰ ਮਾਨਸਕ ਤੌਰ ਤੇ ਵੀ ਕਮਜ਼ੋਰ ਵੀ ਕੀਤਾ ਹੈ।ਕਿਉਂਕਿ ਪਰਵਾਰ ਦੀ ਆਪਸੀ ਸਾਂਝ ਤੁਹਾਡਾ ਮਨੋਬਲ ਉੱਚਾ ਰੱਖਦੀ ਹੈ।ਤੁਹਾਨੂੰ ਆਪਸ ਚ ਜੋੜੀ ਰੱਖਦੀ ਹੈ।ਪਰਵਾਰ ਇੱਕ ਲੜੀ ਚ ਬੱਝਾ ਰਹਿੰਦਾ ਹੈ।

ਪਰ ਅੱਜ ਮਨੁੱਖ ਮੋਬਾਈਲ ਚ ਇੰਨਾ ਜਿਆਦਾ ਖੁੱਭ  ਗਿਆ ਹੈ ਕੇ ਉਸ ਨੂੰ ਪਰਵਾਰ ਦੇ ਹੋਰਨਾਂ ਮੈਂਬਰਾਂ ਦੀ ਬਹੁਤੀ ਪਰਵਾਹ ਨਹੀਂ ਹੁੰਦੀ।ਉਸ ਨੂੰ ਮੋਬਾਈਲ ਹੀ ਪਰਵਾਰ ਦਾ ਮੈਂਬਰ ਲੱਗਦਾ ਹੈ।ਅੱਜ ਹਾਲਾਤ ਇਹ ਹਨ ਕੇ ਪਰਵਾਰ ਦੇ ਮੈਂਬਰ ਬਿਨਾ ਤਾਂ ਬੰਦੇ ਦਾ ਗੁਜ਼ਾਰਾ ਹੋ ਸਕਦਾ ਪਰ ਮੋਬਾਈਲ ਬਿਨਾ ਨਹੀਂ। ਇਹ ਸਭ ਵੇਖ ਕੇ ਸੋਚਦਾ ਹਾਂ ਇਹ ਕਿਹੋ ਜੇਹਾ ਵਰਤਾਰਾ ਚੱਲ ਰਿਹਾ ਹੈ।

ਪੁਰਾਣੇ ਸਮਿਆਂ ਚ ਪਰਵਾਰ ਦੇ ਸਾਰੇ ਮੈਂਬਰ ਰਾਤ ਜਾਂ ਵੇਹਲੇ ਵਕਤ ਇਕੱਠੇ ਜੁੜ ਬੈਠਦੇ ਸਨ।ਦੁੱਖ ਸੁਖ ਸਾਂਝਾ ਕਰਦੇ ਸਨ।ਘਰ ਵਿਚਲੀ ਕਿਸੇ ਘਾਟ ਵਾਧ ਬਾਰੇ ਵਿਚਾਰਿਆ ਜਾਂਦਾ ਤੇ ਲੋੜ ਅਨੁਸਾਰ ਉਸ ਨੂੰ ਪੂਰਾ ਕੀਤਾ ਜਾਂਦਾ।ਜਦੋ ਪਰਵਾਰਕ ਮੈਂਬਰ ਜੁੜ ਬੈਠਦੇ ਸਨ ਤਾਂ ਮੈਂਬਰਾਂ  ਚ ਸਾਂਝ ਪੈਦਾ ਹੁੰਦੀ ਸੀ।ਜਿਸ ਨਾਲ ਮੈਂਬਰਾਂ ਚ ਮੋਹ ਦੀਆਂ ਤੰਦਾਂ ਮਜ਼ਬੂਤ ਤੇ ਪੀਡੀਆ ਹੁੰਦੀਆ ਸਨ।ਉਦੋਂ  ਮੈਂਬਰਾਂ ਨੇ ਇਕੱਠੇ ਬੈਠ ਕੇ ਦੁੱਖ ਸੁੱਖ ਸਾਂਝਾ ਕਰਨਾ ਤੇ ਹਾਸਾ ਠੱਠਾ ਵੀ ਕਰ ਲੈਣਾ।ਪਰ ਅੱਜ ਮੋਬਾਈਲ ਨੇ ਪਰਵਾਰਾਂ ਦੀ ਆਪਸੀ ਸਾਂਝ ਨੂੰ ਹੜੱਪ ਲਿਆ ਹੈ।ਜਿਸਦਾ ਨਤੀਜਾ ਤੁਹਾਡੇ ਸਭ ਦੇ ਸਾਹਮਣੇ ਹੈ।ਮੋਬਾਈਲ ਨੇ ਸਾਡੀ ਪਰਵਾਰਕ ਸਾਂਝ ਨੂੰ ਤਹਿਸ ਨੈਸ ਕਰਕੇ ਰੱਖ ਦਿੱਤਾ ਹੈ।ਇਸ ਨਾਲ ਨਾ ਕੇਵਲ ਸਾਡੇ ਰਿਸ਼ਤਿਆਂ ਦੀਆਂ ਤੰਦਾਂ ਮੋਕਲੀਆਂ ਹੋਈਆਂ ਹਨ।ਸਗੋਂ ਪਰਵਾਰਕ ਸਾਂਝ ਵੀ ਤਿੜਕ ਗਈ ਹੈ।ਰਿਸ਼ਤੇ ਕਮਜ਼ੋਰ ਹੋ ਗਏ ਹਨ।ਰਿਸ਼ਤਿਆਂ ਵਿਚਲਾ ਅਸਲੀ ਮੋਹ ਮੁਹੱਬਤ ਖੁਰ ਗਿਆ ਹੈ।ਮੋਹ ਮੁਹੱਬਤ ਦੀ ਜਗ੍ਹਾ ਫਾਰਮੈਲਟੀ ਨੇ ਲੈ ਲਈ ਹੈ। ਮੋਬਾਈਲ ਸਦਕਾ ਪਰਵਾਰਕ ਸਾਂਝ ਬਹੁਤ ਹੱਦ ਤੱਕ ਕਮਜ਼ੋਰ ਹੋ ਚੁੱਕੀ ਹੈ।

         ਪੁਰਾਣੇ ਵਕਤਾਂ ਚ ਪਰਵਾਰ ਦਾ ਮਤਲਬ ਬੜਾ ਡੁੰਘਾ ਹੁੰਦਾ ਸੀ।ਘਰ ਦੀ ਹਰ ਚੀਜ਼ ਸਾਰੇ ਪਰਵਾਰਕ ਮੈਂਬਰਾਂ ਦੀ ਸਾਂਝੀ ਹੁੰਦੀ ਸੀ।ਅੱਜ ਵਾਂਗ ਵੱਖਰੀ ਵੱਖਰੀ ਨਹੀਂ ਕਿ ਇਹ ਉਸਦਾ ਕਮਰਾ ਹੈ ਤੇ ਇਹ ਉਸਦਾ ਜਾਂ ਇਹ ਉਸਦਾ ਤੌਲੀਆ ਹੈ ਤੇ ਇਹ ਉਸਦਾ ਤੌਲੀਆ।ਘਰ ਚ ਪਿਆ ਵਰਤੋਂ ਦਾ ਕੋਈ ਵੀ ਸਮਾਨ ਸਭ ਮੈਂਬਰਾਂ ਦਾ ਸਾਂਝਾ ਹੁੰਦਾ ਸੀ।ਜਿਸ ਦੀ ਕੋਈ ਵੀ ਬਿਨ ਪੁੱਛੇ ਵਰਤੋਂ ਕਰ ਸਕਦਾ ਸੀ।ਉਨਾਂ ਸਮਿਆਂ ਚ ਪਰਵਾਰ ਦੇ ਸਾਰੇ ਮੈਂਬਰ ਇਕੱਠੇ ਰਹਿੰਦਿਆਂ ਸੋਹਣੀ ਜਿੰਦਗੀ ਜਿਉਂਦੇ ਸਨ।ਅੱਜ ਵਾਂਗ ਵੱਖਰੇ ਵੱਖਰੇ ਨਹੀਂ।ਇਹੋ ਗੱਲ ਪਰਵਾਰ ਨੂੰ ਇੱਕ ਤੰਦ ਚ ਬੰਨੀ ਰੱਖਦੀ ਸੀ।ਜਿਸ ਨੂੰ ਮੋਬਾਈਲ ਦੀ ਬੇਲੋੜੀ ਵਰਤੋਂ ਨੇ ਹੜੱਪ ਲਿਆ ਹੈ।

        ਸੋ ਲੋੜ ਹੈ ਜਿੰਨ੍ਹਾਂ ਹੋ ਸਕੇ ਘਰ ਚ ਮੋਬਾਈਲ ਦੀ ਵਰਤੋਂ ਘੱਟ ਤੋਂ ਘੱਟ ਕਰੋ।ਕੋਈ ਜਰੂਰੀ ਹੈ ਤਾਂ ਹੀ ਫ਼ੋਨ ਦੀ ਵਰਤੋਂ ਕਰੋ।ਜਿਆਦਾ ਸਮਾਂ ਆਪਣੇ ਪਰਵਾਰ ਨਾਲ  ਗੁਜ਼ਾਰੋ।ਹਰ ਰੋਜ਼ ਕੁੱਝ ਸਮਾਂ ਰਲ ਕੇ ਸਾਰਾ ਪਰਵਾਰ ਇਕੱਠੇ ਬੈਠੋ, ਗੱਪਸ਼ਪ ਮਾਰੋ ।ਜਿਸ ਨਾਲ ਤੁਹਾਡੀ ਪਰਵਾਰਕ ਸਾਂਝ ਮਜ਼ਬੂਤ ਹੋਵੇਗੀ।ਇਕੱਠੇ ਬੈਠਣ ਨਾਲ ਜਿੰਦਗੀ ਸੋਹਣੀ ਤੇ ਸਕੂਨ ਨਾਲ ਗੁਜਰਦੀ ਹੈ।

—————

ਅਜੀਤ ਖੰਨਾ 

(ਲੈਕਚਰਾਰ)

ਮੋਬਾਈਲ-76967-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।