ਪੂਰੇ ਪੰਜਾਬ ਅੰਦਰ 19000 ਦੇ ਕਰੀਬ ਸਰਕਾਰੀ ਸਕੂਲ ਹਨ।ਸਤ੍ਹਾ ਪ੍ਰਾਪਤੀ ਪਿੱਛੋਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਚ ਸੁਧਾਰ ਕਰਨ ਦੇ ਯਤਨਾਂ ਵਜੋਂ ਪੰਜਾਬ ਦੇ 23 ਜ਼ਿਲ੍ਹਿਆਂ ਚ 118 ਸਕੂਲ ਆਫ ਐਮੀਨੈਂਸ ਖੋਲ੍ਹੇ ਗਏ।ਪਹਿਲੇ ਗੇੜ ਚ ਇਨਾਂ ਸਕੂਲਾਂ ਲਈ 200 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਸੀ।ਸਰਕਾਰ ਦਾਅਵਾ ਕਰਦੀ ਹੈ ਕਿ ਸਕੂਲ ਆਫ ਐਮੀਨੈਂਸ ਅੱਤ ਆਧੁਨਿਕ ਸਹੂਲਤਾਂ ਨਾਲ ਲੈੱਸ ਹਨ ਤੇ ਇਸ ਪ੍ਰੋਗਰਾਮ ਦਾ ਉਦੇਸ਼ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬੇਹਤਰ ਅਤੇ ਸ਼ਾਨਦਾਰ ਸਿੱਖਿਆ ਨੂੰ ਮੁੜ ਵਿਕਸਤ ਕਰਨਾ ਹੈ।ਇਹ ਸਕੂਲ ਵਿਦਿਆਰਥੀਆਂ ਨੂੰ ਇੱਕਵੀਂ ਸਦੀ ਦੇ ਜਿੰਮੇਵਾਰ ਨਾਗਰਿਕ ਬਣਾਉਣ ਲਈ ਸਰਵਪੱਖੀ ਸ਼ਖ਼ਸੀਅਤ ਸਿਰਜਣ ਦਾ ਵਿਜ਼ਨ ਪੇਸ਼ ਕਰਨਗੇ,ਨਾਲ ਹੀ ਇਹ ਦਾਅਵਾ ਵੀ ਕੀਤਾ ਗਿਆ ਹੈ ਕੇ ਸਕੂਲ ਆਫ ਐਮੀਨੈਂਸ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਲਾ ਦੀ ਉਤਮਤਾ ਦਾ ਕੇਂਦਰ ਹੋਣਗੇ ਤੇ ਇਨਾਂ ਸਕੂਲਾਂ ਚ ਅੱਤ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ।
ਪਰ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ 2024-25 ਸੈਸ਼ਨ ਦੇ 12 ਵੀਂ ਜਮਾਤ ਦੇ ਹਾਲ ਹੀ ਚ ਆਏ ਨਤੀਜਿਆਂ ਨੇ ਸੂਬੇ ਦੇ 118 ਸਕੂਲ ਆਫ ਐਮੀਨੈਂਸ ਚ ਉੱਚੇ ਪੱਧਰ ਦੀ ਸਿੱਖਿਆ ਦੀ ਪੋਲ ਖੋਲ ਦਿੱਤੀ ਹੈ।ਬੋਰਡ ਵੱਲੋਂ ਜਾਰੀ 295 ਵਿਦਿਆਰਥੀਆਂ ਦੀ ਮੈਰਿਟ ਸੂਚੀ ਚ ਸਕੂਲ ਆਫ ਐਮੀਨੈਂਸ ਦੇ ਸਿਰਫ 8 ਵਿਦਿਆਰਥੀ ਹੀ ਸੂਚੀ ਚ ਆਪਣਾ ਨਾ ਦਰਜ਼ ਕਰਵਾਉਣ ਚ ਸਫਲ ਰਹੇ ਤੇ ਉਹ ਵੀ ਤਿੰਨ ਸਕੂਲਾਂ ਦੇ ਹੀ ਹਨ।ਬਾਕੀ ਦੇ 115 ਸਕੂਲਾਂ ਦੇ ਵਿਦਿਆਰਥੀ ਇਸ ਸੂਚੀ ਚ ਨੇੜੇ ਵੀ ਨਹੀਂ ਢੁਕੇ।ਇਸ ਤਰਾਂ ਸਕੂਲ ਆਫ ਐਮੀਨੈਂਸ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੋਂ ਫਾਡੀ ਹਨ।ਭਾਂਵੇ ਕਿ ਸਰਕਾਰ ਦਾ ਪੂਰਾ ਜ਼ੋਰ ਵੀ ਸਕੂਲ ਆਫ ਐਮੀਨੈਂਸ ਚ ਹਰ ਤਰਾਂ ਦਾ ਸਾਜੋ ਸਾਮਾਨ ਤੇ ਹਾਈਟੈੱਕ ਸਹੂਲਤਾਂ ਦਿੱਤੇ ਜਾਣ ਉੱਤੇ ਲੱਗਾ ਹੋਇਆ ਹੈ।ਪਰ ਸਕੂਲ ਆਫ ਐਮੀਨੈਂਸ ਦੇ ਨਤੀਜਿਆਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੂਰੀ ਤਰਾਂ ਨਿਰਾਸ਼ ਕੀਤਾ ਹੈ।ਇੱਕ ਗੱਲ ਹੋਰ ਐਮੀਨੈਂਸ ਸਕੂਲਾਂ ਦੇ ਮਾੜੇ ਨਤੀਜਿਆਂ ਨੇ ਇਨਾਂ ਸਕੂਲਾਂ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ !ਅਤੇ 12 ਵੀ ਜਮਾਤ ਦੇ ਨਤੀਜੇ ਸਾਬਤ ਕਰਦੇ ਹਨ ਕਿ ਸਰਕਾਰ ਦੀਆਂ ਨੀਤੀਆਂ ਨੂੰ ਫਿਲਹਾਲ ਬੂਰ ਨਹੀਂ ਪਿਆ।
ਉੱਧਰ ਜੇਕਰ ਸਕੂਲ ਆਫ ਐਮੀਨੈਂਸ ਦੀ ਅਸਲ ਹਕੀਕਤ ਨੂੰ ਵੇਖਿਆ ਜਾਵੇ ਤਾਂ ਉਹ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਨਜ਼ਰ ਆਉਂਦੀ ਹੈ।ਕਿਉਂਕਿ ਸਰਕਾਰ ਵੱਲੋਂ ਜਿਆਦਾਤਰ ਪਹਿਲਾਂ ਚੱਲ ਰਹੇ ਸਰਕਾਰੀ ਸਕੂਲਾਂ ਨੂੰ ਹੀ ਸਕੂਲ ਆਫ ਐਮੀਨੈਂਸ ਦਾ ਨਾਂ ਦੇ ਦਿੱਤਾ ਗਿਆ।ਜਿਵੇਂ ਪਿਛਲੀ ਕਾਂਗਰਸ ਸਰਕਾਰ ਵੱਲੋਂ ਵੀ ਪਹਿਲਾਂ ਬਣੇ ਸਰਕਾਰੀ ਸਕੂਲਾਂ ਨੂੰ ਹੀ ਸਮਾਰਟ ਸਕੂਲਾਂ ਦਾ ਨਾਂ ਦਿੱਤਾ ਗਿਆ ਸੀ।ਸਿਖਿਆ ਕਿੱਤੇ ਨਾਲ ਜੁੜੇ ਲੋਕ ਇਹ ਗੱਲ ਭਲੀਭਾਂਤ ਸਮਝਦੇ ਹਨ ਕੇ ਦੋਵਾਂ ਸਰਕਾਰਾਂ ਵੱਲੋਂ ਪੁਰਾਣੀ ਬੋਤਲ ਚ ਨਵੀਂ ਸ਼ਰਾਬ ਪਾ ਕੇ ਇੱਕ ਵੱਲੋਂ ਉਸ ਨੂੰ ਸਮਾਰਟ ਸਕੂਲ ਤੇ ਦੂਜੀ ਵੱਲੋਂ ਸਕੂਲ ਆਫ ਐਮੀਨੈਂਸ ਦਾ ਨਾਂ ਦੇ ਦਿੱਤਾ ਗਿਆ ਹੈ।ਜਦ ਕੇ ਸੁੰਦਰ ਇਮਾਰਤਾਂ,ਸਮਾਰਟ ਕਲਾਸ ਰੂਮ,ਵਧੀਆ ਬਾਥਰੂਮ,ਸੋਲਰ ਸਿਸਟਮ,ਵਧੀਆ ਬੋਰਡ,ਤੇ ਹਾਈ ਟੈੱਕ ਤਕਨੀਕ ਵਾਲੀਆਂ ਬਹੁਤੀਆਂ ਸਹੂਲਤਾਂ ਤਾਂ ਪਹਿਲਾਂ ਹੀ ਸਰਕਾਰੀ ਸਕੂਲਾਂ ਚ ਉਪਲਬਧ ਸਨ।ਸਵਾਲ ਹੈ ਫਿਰ ਨਵਾਂ ਕੀ ?ਸਿਖਿਆ ਮਾਹਰਾਂ ਦਾ ਕਹਿਣਾ ਹੈ ਕੇ ਮਿਆਰੀ ਸਿੱਖਿਆ ਦਾ ਅੰਦਾਜ਼ਾ ਕੇਵਲ ਸੋਹਣੀਆਂ ਇਮਾਰਤਾਂ ਜਾਂ ਸਹੂਲਤਾਂ ਤੋਂ ਹੀ ਨਹੀਂ ਲੱਗਦਾ,ਸਗੋਂ ਸੂਬੇ ਦੇ ਕਿੰਨੇ ਬੱਚੇ ਆਈਏਐਸ ,ਆਈਪੀਐਸ ਜਾਂ ਪੀਸੀਐਸ ਬਣੇ ਹਨ ? ਇਸ ਗੱਲ ਤੋ ਲੱਗਦਾ ਹੈ ਤੇ ਇਸੇ ਨੂੰ ਸਿੱਖਿਆ ਕ੍ਰਾਂਤੀ ਆਖਿਆ ਜਾ ਸਕਦਾ ਹੈ।
ਉਧਰ ਸਕੂਲ ਆਫ ਐਮੀਨੈਂਸ ਖੋਲ੍ਹਣ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੋ ਭਾਗਾਂ ਚ ਵੰਡੇ ਗਏ।ਇਕੋ ਸਕੂਲ ,ਇੱਕੋ ਇਮਾਰਤ ,ਪਰ ਵਿਦਿਆਰਥੀ ਦੋ ਤਰਾਂ ਦੇ।ਇਕ ਚ ਦਾਖਲਾ ਪ੍ਰੀਖਿਆ ਦੁਆਰਾ ਕੀਤਾ ਜਾਂਦਾ ਹੈ,ਜਦ ਕੇ ਦੂਜੇ ਚ ਸਿੱਧਾ।ਇਕ ਨੂੰ ਵਰਦੀ ਵਾਸਤੇ 2100 ਰੁਪਏ ਦਿੱਤੇ ਜਾਂਦੇ ਹਨ ਤੇ ਦੂਜੇ ਨੂੰ 600 ਰੁਪਏ।ਇੱਕ ਵਰਦੀ ਦਾ ਰੰਗ ਹੋਰ ਤੇ ਦੂਜੇ ਵਰਦੀ ਦਾ ਰੰਗ ਹੋਰ।ਇੱਕੋ ਸਕੂਲ ਚ ਵੱਖੋ ਵੱਖਰੀਆਂ ਕਲਾਸਾਂ।ਇਹ ਵਿਤਕਰਾ ਨਹੀਂ ਤਾ ਹੋਰ ਕੀ ਹੈ?ਇਸ ਨਾਲ ਵਿਦਿਆਰਥੀਆਂ ਚ ਹੀਣਭਾਵਨਾ ਆਉਣੀ ਸੁਭਾਵਕ ਹੈ।ਜਦ ਕੇ ਉਹੀ ਅਧਿਆਪਕ
ਸਕੂਲ ਆਫ ਐਮੀਨੈਂਸ ਚ ਪਰਾਹ ਹਨ ਤੇ ਉਹੀ ਸਰਕਾਰੀ ਸਕੂਲ ਚ ।ਕੀ ਸਰਕਾਰ ਇਹ ਦਸ ਸਕਦੀ ਹੈ ਕੇ ਪੇਪਰ ਲੈ ਕੇ ਦਾਖਲ ਕੀਤੇ ਐਮੀਨੈਂਸ ਵਾਲੇ ਵਿਦਿਆਰਥੀ ਤੇ ਦੂਜੇ ਵਿਦਿਆਰਥੀ ਦੀ ਪੜ੍ਹਾਈ ਚ ਕੀ ਅੰਤਰ ਹੈ? ਜਦ ਕੇ ਸਰਕਾਰੀ ਸਕੂਲਾਂ ਦੇ ਨਤੀਜੇ ਐਮੀਨੈਂਸ ਤੋਂ ਕਿਤੇ ਬੇਹਤਰ ਰਹੇ ਹਨ।ਇਹ ਫਰਕ ਕਿਉਂ ਹੈ? ਜੇ ਫਰਕ ਹੈ ਤਾਂ ਫੇਰ ਐਮੀਨੈਂਸ ਸਕੂਲ ਖੋਲ੍ਹਣ ਦੀ ਕੀ ਜਰੂਰਤ ਹੈ ? ਕਿਉਂ ਸਰਕਾਰਾਂ ਕਦੇ ਸਮਾਰਟ ਸਕੂਲ ਤੇ ਕਦੇ ਸਕੂਲ ਆਫ ਐਮੀਨੈਂਸ ਦੇ ਨਾਂ ਉੱਤੇ ਲੋਕਾਂ ਨੂੰ ਗੁੰਮਰਾਹ ਕਰਦਿਆਂ ਹਨ? ਕਿਉਂ ਸਿਖਿਆ ਵਿਭਾਗ ਨੂੰ ਤਜ਼ਰਬੇ ਕਰਨ ਵਾਲਾ ਵਿਭਾਗ ਬਣਾ ਕੇ ਰੱਖਿਆ ਹੋਇਆ ਹੈ ?
20-25 ਹਜ਼ਾਰ ਟੀਚਰਾਂ ਦੀ ਭਰਤੀ ਅਤੇ ਸਕੂਲ ਆਫ ਐਮੀਨੈਂਸ ਖੋਲ੍ਹਣ ਨਾਲ ਸਿਖਿਆ ਚ ਸੁਧਾਰ ਦੀ ਉਮੀਦ ਰੱਖਣਾ ਬੇਫਜੂਲ ਹੈ।ਚੰਗਾ ਹੁੰਦਾ ਸਰਕਾਰ ਸਕੂਲ ਆਫ ਐਮੀਨੈਂਸ ਵਾਸਤੇ ਵੱਖਰੀ ਜਗ੍ਹਾ ਲੈ ਕੇ ਸਕੂਲ ਬਣਾਉਂਦੀ।ਵੱਖਰਾ ਸਟਾਫ ਭਰਤੀ ਕਰਦੀ ਨਾਂ ਕੇ ਪਹਿਲਾਂ ਬਣੇ ਸਕੂਲਾਂ ਉੱਤੇ ਹੀ ਸਕੂਲ ਆਫ ਐਮੀਨੈਂਸ ਦਾ ਬੋਰਡ ਲਾ ਕੇ ਦੋਵਾਂ ਤਰਾਂ ਦੇ ਵਿਦਿਆਰਥੀਆਂ ਨੂੰ ਰਲਗੱਡ ਕਰਦੀ।ਸਰਕਾਰ ਦੇ ਇਸ ਫ਼ੈਸਲੇ ਨਾਲ ਸਰਕਾਰੀ ਸਕੂਲਾਂ ਚ ਪੜ੍ਹ ਰਹੇ ਵਿਦਿਆਰਥੀਆਂ ਚ ਹੀਣਭਾਵਨਾਂ ਪੈਦਾ ਹੁੰਦੀ ਹੈ।ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀ ਆਪਣੇ ਆਪ ਨੂੰ ਦੁਜੇ ਵਿਦਿਆਰਥੀਆਂ ਨਾਲੋਂ ਸੁਪੀਰੀਅਰ ਸਮਝਦੇ ਹਨ।ਇਸ ਤਰਾਂ ਵਿਦਿਆਰਥੀਆਂ ਚ ਪਾੜਾ ਪੈਂਦਾ ਹੈ।ਸਭ ਤੋ ਵੱਡਾ ਪਾੜਾ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਵਰਦੀ ਬਦਲ ਕੇ ਪਾਇਆ ਗਿਆ।ਕੀ ਇਹ ਹੈ ਪੰਜਾਬ ਸਰਕਾਰ ਦਾ ਸਿਖਿਆ ਮਾਡਲ ਹੈ ?ਕੀ ਸੂਬੇ ਦੇ ਸਾਲ 2024-25 ਦੇ ਕੁੱਲ 2,04,918 ਕਰੋੜ ਰੁਪਏ ਦੇ ਬਜਟ ਚੋ ਸਿੱਖਿਆ ਲਈ ਰੱਖੇ 16,918 ਕਰੋੜ ਦੇ ਬਜਟ ਨਾਲ ਸੂਬੇ ਨੂੰ ਸਿੱਖਿਆ ਦੇ ਖੇਤਰ ਚ ਦੇਸ਼ ਦਾ ਮੋਹਰੀ ਰਾਜ ਬਣਾਇਆ ਜਾ ਸਕਦਾ ਹੈ? ਇਹ ਕੁਝ ਸਵਾਲ ਹਨ ਜਿਨਾਂ ਬਾਰੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ।ਸਰਕਾਰ ਨੂੰ ਹਵਾ ਚ ਤਲਵਾਰਾਂ ਮਾਰਨ ਦੀ ਬਜਾਏ ਸਕੂਲ ਆਫ ਐਮੀਨੈਂਸ ਚ ਦਿੱਤੀ ਜਾਣ ਵਾਲੀ ਸਿੱਖਿਆ ਨੂੰ ਮਿਆਰੀ ਬਣਾਉਣ ਲਈ ਹੋਰ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਚ ਚੰਗੇ ਨਤੀਜਿਆਂ ਦੀ ਉਮੀਦ ਕੀਤੀ ਜਾ ਸਕੇ।
ਲੈਕਚਰਾਰ ਅਜੀਤ ਖੰਨਾ
ਮੋਬਾਈਲ:76967-54669















