ਤਰਨ ਤਾਰਨ, 16 ਮਈ,ਬੋਲੇ ਪੰਜਾਬ ਬਿਊਰੋ ;
ਤਰਨ ਤਾਰਨ ਦੇ ਪੱਟੀ ਹਲਕੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ’ਚ ਅੱਜ ਉਦੋਂ ਦਹਿਸ਼ਤ ਫੈਲ ਗਈ ਜਦੋਂ ਪਿੰਡ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਉੱਤੇ ਮੋਟਰਸਾਈਕਲ ਸਵਾਰਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ। ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਕਰੀਬ 6 ਤੋਂ 7 ਗੋਲੀਆਂ ਚਲਾਈਆਂ ਗਈਆਂ। ਹਮਲੇ ਤੋਂ ਬਾਅਦ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਕ ਸਰਪੰਚ ਗੁਰਪ੍ਰੀਤ ਸਿੰਘ ਆਪਣੇ ਘਰ ਦੇ ਨੇੜੇ ਹੀ ਖੜਾ ਸੀ।ਇਸ ਦੌਰਾਨ ਕਰੀਬ 10 ਵਜੇ ਦੋ ਮੋਟਰਸਾਈਕਲ ਸਵਾਰ ਉਨ੍ਹਾਂ ’ਤੇ ਗੋਲੀਬਾਰੀ ਕਰਕੇ ਫਰਾਰ ਹੋ ਗਏ। ਇਕ ਹਮਲਾਵਰ ਨੇ ਮੋਟਰਸਾਈਕਲ ਚਲਾਇਆ ਜਦਕਿ ਦੂਜੇ ਨੇ ਪਿਸਟਲ ਰਾਹੀਂ ਫਾਇਰਿੰਗ ਕੀਤੀ। ਇਹ ਪੂਰੀ ਵਾਰਦਾਤ ਨੇੜਲੇ ਘਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਐਸਪੀ ਡਾ. ਰਾਜਿੰਦਰ ਸਿੰਘ ਮਿਨਹਾਸ ਅਤੇ ਡੀਐਸਪੀ ਕਵਲਪ੍ਰੀਤ ਸਿੰਘ ਪੱਟੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਹਮਲਾਵਰਾਂ ਦੀ ਪਛਾਣ ਤੇ ਗ੍ਰਿਫਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ।












