ਰਾਜਪੁਰਾ 16 ਮਈ ,ਬੋਲੇ ਪੰਜਾਬ ਬਿਊਰੋ ;
ਸਰਕਾਰੀ ਮਿਡਲ ਸਕੂਲ ਖੰਡੋਲੀ ਵਿਖੇ ਇੱਕ ਵਿਸ਼ੇਸ਼ ਧੰਨਵਾਦ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਤੋਂ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ (ਡੀ.ਐਸ.ਐਮ.) ਰਾਜੀਵ ਕੁਮਾਰ ਜੀ ਅਤੇ ਬਲਾਕ ਨੋਡਲ ਅਫਸਰ ਰਾਜਪੁਰਾ-1 ਰਚਨਾ ਰਾਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਸਮਾਰੋਹ ਵਿੱਚ ਪਿੰਡ ਦੇ ਉਹਨਾਂ ਪਤਵੰਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਰਹਿੰਦੇ ਸਮੇਂ ਵਿੱਚ ਸਕੂਲ ਦੀ ਉੱਨਤੀ ਲਈ ਅਹਿਮ ਭੂਮਿਕਾ ਨਿਭਾਈ।
ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਡਿੰਪਲ ਜੀ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਕੂਲ ਵਿੱਚ ਵਾਲੀਬਾਲ ਦਾ ਮੈਦਾਨ ਬਣਵਾਇਆ। ਇਹ ਮੈਦਾਨ ਵਿਦਿਆਰਥੀਆਂ ਦੀ ਖੇਡਾਂ ਵਿੱਚ ਰੁਚੀ ਵਧਾਉਣ ਅਤੇ ਸਰੀਰਕ ਵਿਕਾਸ ਲਈ ਮਦਦਗਾਰ ਸਾਬਤ ਹੋ ਰਿਹਾ ਹੈ।
ਇਸ ਤੋਂ ਇਲਾਵਾ ਪਿੰਡ ਵਿੱਚ ਚਲ ਰਹੀ ਇੱਕ ਫੈਕਟਰੀ ਵੱਲੋਂ ਸਕੂਲ ਨੂੰ 6 ਆਧੁਨਿਕ ਕੰਪਿਊਟਰ ਭੇਟ ਕੀਤੇ ਗਏ ਸਨ ਜੋ ਵਿਦਿਆਰਥੀਆਂ ਦੀ ਡਿਜੀਟਲ ਸਿੱਖਿਆ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੇ ਹਨ।
ਪਿੰਡ ਪੰਚਾਇਤ ਦੇ ਮੈਂਬਰ ਹਰਜਿੰਦਰ ਸਿੰਘ ਨੀਟੂ ਨੇ ਦਾਨੀ ਸੱਜਣਾਂ ਦੀ ਮਦਦ ਨਾਲ ਸਕੂਲ ਨੂੰ 100 ਲੀਟਰ ਦੀ ਸਮਰੱਥਾ ਵਾਲਾ ਠੰਡੇ ਪਾਣੀ ਦਾ ਕੂਲਰ ਉਪਲਬਧ ਕਰਵਾਇਆ।
ਰਿਟਾਇਰ ਸੈਨਿਕ ਨਰਿੰਦਰ ਸਿੰਘ, ਰਾਜਪੁਰਾ ਕਾਰਪੋਰੇਸ਼ਨ ਦੇ ਮੈਂਬਰ ਲਵਲੀ ਅਤੇ ਨੌਜਵਾਨ ਗਾਇਕ ਭਿੰਦਰ ਸਿੰਘ ਵੱਲੋਂ ਸਕੂਲ ਨੂੰ ਇਨਵਰਟਰ ਭੇਟ ਕੀਤਾ ਗਿਆ, ਜੋ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਪੜ੍ਹਾਈ ਨੂੰ ਬਿਨਾ ਰੁਕਾਵਟ ਜਾਰੀ ਰੱਖਣ ਵਿੱਚ ਮਦਦ ਕਰ ਰਿਹਾ ਹੈ।
ਸਮਾਰੋਹ ਦੇ ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਅਤੇ ਸਹਿਯੋਗੀ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।












