ਚੰਡੀਗੜ੍ਹ, 17 ਮਈ ,ਬੋਲੇ ਪੰਜਾਬ ਬਿਉਰੋ(ਹਰਦੇਵ ਚੌਹਾਨ)
ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਪ੍ਰੈੱਸ ਕਲੱਬ, ਚੰਡੀਗੜ੍ਹ ਵਿਖੇ ਪਰਵਾਸੀ ਸ਼ਾਇਰਾ ਡਾ. ਕੁਲਦੀਪ ਗਿੱਲ ਦੀ ਕਾਵਿ-ਕਿਤਾਬ ‘ਅਧੂਰੀ ਕੈਨਵਸ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਸ਼ਾਇਰਾ ਵੱਲੋਂ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਗਿਆ।
ਵਿਚਾਰ ਚਰਚਾ ਦਾ ਆਗਾਜ਼ ਕਰਦੇ ਹੋਏ ਪ੍ਰੋ. ਅਤੈ ਸਿੰਘ ਨੇ ਕਿਹਾ ਕਿ ਇਸ ਕਿਤਾਬ ਦੀਆਂ ਕਵਿਤਾਵਾਂ ਵਿੱਚ ‘ਸੁਪਨਾ’ ਬਿੰਬ ਦੇ ਤੌਰ ‘ਤੇ ਵਾਰ ਵਾਰ ਆਉਂਦਾ ਹੈ ਪਰ ਹਰ ਕਵਿਤਾ ਵਿਚ ਉਸ ਦਾ ਪ੍ਰਸੰਗ ਬਦਲਦਾ ਰਹਿੰਦਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਕਵਿਤਾ ਵਿਚਾਰ ਦੇ ਪੱਧਰ ‘ਤੇ ਚੱਲਦੀ ਹੈ, ਵਿਹਾਰ ਦੇ ਪੱਧਰ ‘ਤੇ ਨਹੀਂ। ਇਹਨਾਂ ਕਵਿਤਾਵਾਂ ਵਿੱਚ ਤਰਲਤਾ ਵੀ ਹੈ। ਸ਼ਾਇਰ ਹਰਵਿੰਦਰ ਸਿੰਘ ਨੇ ਕਿਹਾ ਕਿ ਕਵਿਤਾ ਵਿੱਚ ਨਿੱਜ ਤੋਂ ਪਰ ਤਕ ਦੀ ਗੱਲ ਹੈ। ਸ਼ਾਇਰ ਗੁਰਦੇਵ ਚੌਹਾਨ ਨੇ ਕਿਹਾ ਕਿ ਕਵਿਤਾ ਵਿੱਚ ਅਤੀਤ ਭਾਰੂ ਹੈ ਤੇ ਕਵਿਤਾ ਮੈਂ ਤੇ ਤੂੰ ਵਿਚਕਾਰ ਵਿਚਰਦੀ ਹੈ। ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਇਹ ਦਰਸ਼ਨ ਦੀ ਕਵਿਤਾ ਹੈ। ਇਹ ਹੋਂਦ ਦੀ ਤਲਾਸ਼ ਵੀ ਕਰਦੀ ਹੈ। ਡਾ. ਲਾਭ ਸਿੰਘ ਖੀਵਾ ਨੇ ਕਵਿਤਾ ਦੇ ਸ਼ਿਲਪ ਬਾਰੇ ਗੱਲ ਕੀਤੀ।
ਪ੍ਰਧਾਨਗੀ ਭਾਸ਼ਨ ਦਿੰਦੇ ਡਾ. ਮਨਮੋਹਨ ਨੇ ਕਿਹਾ ਕਿ ਕਾਵਿ ਸਹਿਜ ਹੀ ਕਵਿਤਾ ਸਿਰਜਣ ਹੈ। ਕਵੀ ਕਵਿਤਾ ਲਿਖਦਾ ਨਹੀਂ ਸਗੋਂ ਉਸ ਕੋਲੋਂ ਉਦਘਾਟਿਤ ਹੁੰਦੀ ਹੈ। ਉਹਨਾਂ ਸੰਗ੍ਰਹਿ ਦੀਆਂ ਕਵਿਤਾਵਾਂ ਬਾਰੇ ਕਿਹਾ ਕਿ ਇਹ ਸਵੈ ਨਾਲ ਸੰਵਾਦ ਵਾਲ਼ੀਆਂ ਕਵਿਤਾਵਾਂ ਹਨ।
ਸਮਾਰੋਹ ਵਿੱਚ ਗੁਲ ਚੌਹਾਨ,
ਬਲੀਜੀਤ, ਸੁਰਜੀਤ ਸੁਮਨ, ਪਾਲ ਅਜਨਬੀ, ਸੰਜੀਵਨ ਸਿੰਘ, ਜੰਗ ਬਹਾਦੁਰ ਗੋਇਲ, ਭੁਪਿੰਦਰ ਮਲਿਕ, ਸਰਦਾਰਾ ਸਿੰਘ ਚੀਮਾ, ਗੁਰਦੀਪ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।












