ਪਟਿਆਲਾ, 23 ਮਈ,ਬੋਲੇ ਪੰਜਾਬ ਬਿਊਰੋ ;
ਪੰਜਾਬ ’ਚ ਆਈ ਹਨੇਰੀ ਨੇ ਜਿੱਥੇ ਲੋਕਾਂ ਦੇ ਹੋਸ਼ ਉਡਾ ਦਿੱਤੇ, ਓਥੇ ਹੀ ਬਿਜਲੀ ਵਿਭਾਗ ਪੀਐੱਸਪੀਸੀਐੱਲ ਨੂੰ ਵੀ ਵੱਡਾ ਨੁਕਸਾਨ ਹੋਇਆ। ਬੁੱਧਵਾਰ ਦੀ ਸ਼ਾਮ ਆਈ ਹਨੇਰੀ ਕਾਰਨ ਸੂਬੇ ਭਰ ਵਿੱਚ ਬਿਜਲੀ ਦੇ 249 ਟਰਾਂਸਫਾਰਮਰ ਅਤੇ 1639 ਖੰਭੇ ਡਿੱਗ ਪਏ, ਜਿਸ ਨਾਲ ਕਈ ਇਲਾਕਿਆਂ ਦੀ ਬੱਤੀ ਅਚਾਨਕ ਗਾਇਬ ਹੋ ਗਈ।
ਪੀਐੱਸਪੀਸੀਐੱਲ ਦੀ ਰਿਪੋਰਟ ਮੁਤਾਬਕ, 21 ਮਈ ਨੂੰ ਆਏ ਝੱਖੜ ਨੇ ਸੂਬੇ ਨੂੰ ਚਾਰ ਕਰੋੜ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ। ਖੰਭੇ ਅਤੇ ਤਾਰਾਂ ਟੁੱਟਣ ਨਾਲ ਹਾਲਾਤ ਇਥੋਂ ਤੱਕ ਪਹੁੰਚੇ ਕਿ ਕੇਵਲ ਇਕ ਦਿਨ ’ਚ 1.8 ਲੱਖ ਤੋਂ ਵੱਧ ਬਿਜਲੀ ਸਬੰਧੀ ਸ਼ਿਕਾਇਤਾਂ ਦਰਜ ਹੋਈਆਂ। ਮੋਹਾਲੀ ਤੋਂ ਸਭ ਤੋਂ ਵੱਧ 8277 ਸ਼ਿਕਾਇਤਾਂ ਮਿਲੀਆਂ।
ਜ਼ੋਨ ਵਾਇਜ਼ ਨੁਕਸਾਨ ’ਤੇ ਨਜ਼ਰ ਮਾਰੀਏ ਤਾਂ ਸਾਊਥ ਜ਼ੋਨ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ 130 ਟਰਾਂਸਫਾਰਮਰ ਅਤੇ 970 ਖੰਭੇ ਡਿੱਗ ਗਏ। ਕੇਂਦਰੀ ਜ਼ੋਨ ’ਚ 62 ਟਰਾਂਸਫਾਰਮਰ, ਬਾਰਡਰ ’ਚ 23, ਤੇ ਨੌਰਥ ਜ਼ੋਨ ’ਚ 34 ਟਰਾਂਸਫਾਰਮਰ ਖਰਾਬ ਹੋਏ।
ਸ਼ਿਕਾਇਤਾਂ ਦੇ ਨਿਪਟਾਰੇ ਲਈ ਪੀਐੱਸਪੀਸੀਐੱਲ ਨੇ ਚੌਕਸੀ ਦਿਖਾਈ। ਵੀਰਵਾਰ ਸ਼ਾਮ ਤੱਕ 83 ਹਜ਼ਾਰ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ, ਜਦਕਿ 60 ਹਜ਼ਾਰ ’ਤੇ ਕੰਮ ਜਾਰੀ ਸੀ। ਬਿਜਲੀ ਦੀ ਸਪਲਾਈ ਵੀਰਵਾਰ ਨੂੰ 80 ਹਜ਼ਾਰ ਘਰਾਂ ’ਚ ਪ੍ਰਭਾਵਿਤ ਰਹੀ।
ਹਾਲਾਂਕਿ ਰਾਤ ਤੱਕ ਕੁਝ ਫੀਡਰਾਂ ’ਤੇ ਬਿਜਲੀ ਬਹਾਲ ਹੋ ਗਈ, ਪਰ 6 ਘੰਟਿਆਂ ਤੋਂ ਵੱਧ ਬਿਜਲੀ ਬੰਦ ਰਹੀ।












