ਬਠਿੰਡਾ, 23 ਮਈ,ਬੋਲੇ ਪੰਜਾਬ ਬਿਊਰੋ ;
ਬਠਿੰਡਾ ਦੇ ਭੀਸੀਆਣਾ ਪਿੰਡ ਸਥਿਤ ਏਅਰ ਫੋਰਸ ਸਟੇਸ਼ਨ ’ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਤਾਇਨਾਤ ਆਰਮੀ ਨਾਇਕ ਸੋਨੂੰ ਯਾਦਵ ਨੇ ਜ਼ਹਿਰ ਖਾ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਵੱਡੀ ਗੱਲ ਇਹ ਹੈ ਕਿ ਸੋਨੂੰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤਾ, ਜਿਸ ’ਚ ਉਸਨੇ ਹਵਾਈ ਸੈਨਾ ਦੇ ਕੁਝ ਕਰਮਚਾਰੀਆਂ ਦੇ ਨਾਮ ਲੈ ਕੇ ਉਨ੍ਹਾਂ ਉੱਤੇ ਗੰਭੀਰ ਇਲਜ਼ਾਮ ਲਾਏ।
ਸੋਨੂੰ ਦੇ ਪਿਤਾ ਸੁਰੇਸ਼ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਪੁੱਤ ਨੇ ਆਪਣੀ ਪਤਨੀ ਨਾਲ ਹੋਈ ਛੇੜਛਾੜ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਹੋ ਰਹੀ ਜਲਾਲਤ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ। ਇਸ ਘਟਨਾ ਨੇ ਸੁਰੱਖਿਆ ਬਲਾਂ ਦੀ ਕਾਰਜ ਪ੍ਰਣਾਲੀ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜੀਆਰਪੀ ਪੁਲਿਸ ਨੇ ਮੁੱਖ ਅਧਿਕਾਰੀ ਐਸ.ਕੇ. ਸਮੇਤ ਹੋਰ ਅਧਿਕਾਰੀਆਂ — ਪਾਂਡੇ, ਸਹਾਇਕ ਵਿਕਾਸ ਗਾਂਧੀ, ਸਹਾਇਕ ਤੇਜ ਰਾਮ ਮੀਨਾ, ਹਵਲਦਾਰ ਰਾਜੀਵ ਅਤੇ ਹਵਲਦਾਰ ਸਤੀਸ਼ — ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।












