ਜਾਪਦਾ ਹੈ ਕਿ ਦਲਿਤ ਤੇ ਬੋਧ – ਘੋਰ ਜਾਤੀਵਾਦੀ ਤੇ ਬ੍ਰਾਹਮਣਵਾਦੀ ਬੀਜੇਪੀ ਦੀ ਨਜ਼ਰ ਵਿੱਚ ਇਨਸਾਨ ਹੀ ਨਹੀਂ
ਮਾਨਸਾ, 23 ਮਈ ,ਬੋਲੇ ਪੰਜਾਬ ਬਿਊਰੋ;
ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀਆਰ ਗਵਈ ਵਲੋਂ ਅਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਅਪਣੇ ਘਰ ਜਾਣ ਦੇ ਮੌਕੇ ਮਹਾਰਾਸ਼ਟਰ ਦੀ ਬੀਜੇਪੀ ਸਰਕਾਰ ਵਲੋਂ ਕੀਤੇ ਉਨ੍ਹਾਂ ਦੇ ਅਪਮਾਨ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸਖ਼ਤ ਨਿੰਦਾ ਕੀਤੀ ਹੈ।
ਪਾਰਟੀ ਵਲੋਂ ਕਿਹਾ ਗਿਆ ਹੈ ਕਿ ਚੀਫ਼ ਜਸਟਿਸ ਗਵਈ ਸਾਹਿਬ ਦਾ ਜਾਤੀ ਪੱਖੋਂ ਦਲਿਤ ਅਤੇ ਧਰਮ ਪੱਖੋਂ ਬੋਧੀ ਹੋਣਾ, ਘੋਰ ਜਾਤੀਵਾਦੀ ਤੇ ਬ੍ਰਾਹਮਣਵਾਦੀ ਬੀਜੇਪੀ ਨੂੰ ਬੁਰੀ ਤਰ੍ਹਾਂ ਚੁੱਭ ਰਿਹਾ ਹੈ। ਇਸੇ ਲਈ ਉਨ੍ਹਾਂ ਵਲੋਂ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਅਪਣੇ ਘਰ ਜਾਣ ਮੌਕੇ ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਨੇ ਪ੍ਰੋਟੋਕਾਲ ਨੂੰ ਪੈਰਾਂ ਹੇਠ ਰੋਲਦਿਆਂ ਉਨ੍ਹਾਂ ਨੂੰ ਕੋਈ ਮਾਣ ਸਤਕਾਰ ਨਹੀਂ ਦਿੱਤਾ। ਬੀਜੇਪੀ ਸਰਕਾਰ ਦਾ ਅਜਿਹਾ ਵਰਤਾਓ ਉਸ ਵਲੋਂ ਦਲਿਤਾਂ ਨਾਲ ਚੋਣਾਂ ਮੌਕੇ ਵੋਟਾਂ ਲੈਣ ਲਈ ਵਿਖਾਏ ਜਾਂਦੇ ਨਕਲੀ ਹੇਜ ਦਾ ਭਾਂਡਾ ਭੰਨ ਦਿੰਦਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਚੀਫ਼ ਜਸਟਿਸ ਵਰਗੇ ਇੱਕ ਬੇਹੱਦ ਅਹਿਮ ਸੰਵਿਧਾਨਕ ਅਹੁਦੇ ਉਤੇ ਬਿਰਾਜਮਾਨ ਇਕ ਦਲਿਤ ਅਤੇ ਬੁੱਧ ਮਤ ਦੇ ਧਾਰਨੀ ਇਨਸਾਨ ਵਲੋਂ ਪਹਿਲੀ ਵਾਰ ਅਪਣੇ ਜੱਦੀ ਪ੍ਰਦੇਸ਼ ਵਿੱਚ ਪਹੁੰਚਣ ਮੌਕੇ ਉਸ ਦੇ ਸੁਆਗਤ ਲਈ ਹਵਾਈ ਅੱਡੇ ਉਤੇ ਮੁੱਖ ਮੰਤਰੀ ਤਾਂ ਦੂਰ ਕੋਈ ਮੰਤਰੀ ਜਾਂ ਪੁਲਿਸ ਕਮਿਸ਼ਨਰ ਤੱਕ ਵੀ ਹਾਜ਼ਰ ਨਹੀਂ ਸੀ, ਤਾਂ ਅਜਿਹੇ ਮਿੱਥ ਕੇ ਕੀਤੇ ਅਪਮਾਨ ਦੀ ਵਿਆਖਿਆ ਸੰਘ-ਬੀਜੇਪੀ ਦੇ ਡੀਐਨਏ ਵਿੱਚ ਮੌਜੂਦ ਮੰਨੂਵਾਦ ਅਤੇ ਦਲਿਤਾਂ ਅਛੂਤਾਂ ਨੂੰ ਇਨਸਾਨ ਨਾ ਸਮਝਣ ਵਾਲੀ ਸੋਚ ਤੋਂ ਇਲਾਵਾ ਹੋਰ ਕਿਸ ਦਲੀਲ ਨਾਲ ਕੀਤੀ ਜਾ ਸਕਦੀ ਹੈ?
ਇਸ ਸ਼ਰਮਨਾਕ ਘਟਨਾ ਨਾਲ ਦਲਿਤ ਵਰਗ ਦੇ ਉਨ੍ਹਾਂ ਸਾਰੇ ਹਿੱਸਿਆਂ ਦੀਆਂ ਅੱਖਾਂ ਵੀ ਖੁੱਲ੍ਹ ਜਾਣੀਆਂ ਹਨ, ਜੋ ਸਿਰਫ਼ ਸਤਾ ਦੀ ਮਲਾਈ ਦੀਆਂ ਕੁਝ ਬੂੰਦਾਂ ਦੀ ਝਾਕ ਵਿੱਚ ਬੀਜੇਪੀ ਦੇ ਅੱਗੇ ਪਿੱਛੇ ਘੁੰਮ ਰਹੇ ਹਨ।












