ਖਿੱਚ ਲੈ ਪੰਜਾਬੀਆ, ਖਿੱਚ ਤਿਆਰੀ ਪੇਚਾ ਪੈ ਗਿਆ ਕੇਂਦਰ ਨਾਲ!

ਸਾਹਿਤ ਪੰਜਾਬ

ਪਿਆਰ, ਜੰਗ ਤੇ ਸਿਆਸਤ ਵਿੱਚ ਕੋਈ ਕਿਸੇ ਦਾ ਪੱਕਾ ਦੁਸ਼ਮਣ ਨਹੀਂ ਹੁੰਦਾ, ਹੁਣ ਧਰਮ ਵੀ ਇਸ ਵਿੱਚ ਸ਼ਾਮਲ ਹੋ ਗਿਆ ਹੈ। ਕਿਉਂਕਿ ਸੰਪਰਦਾਇਕਤਾ ਨੇ ਧਰਮ ਨੂੰ ਜੰਗ ਦਾ ਮੈਦਾਨ ਬਣਾ ਲਿਆ ਹੈ। ਧਾਰਮਿਕ ਸੰਸਥਾਵਾਂ ਉਤੇ ਕਬਜ਼ਾ ਸਿਆਸੀ ਪਾਰਟੀਆਂ ਦੇ ਆਗੂਆਂ ਹੋ ਗਿਆ ਹੈ। ਲੋਕਾਂ ਦੀ ਅੰਨ੍ਹੀ ਸ਼ਰਧਾ ਉਹਨਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਧਰਮ ਦੇ ਨਾਂ ਤੇ ਤੁਸੀਂ ਕੋਈ ਵੀ ਪਖੰਡ ਕਰ ਸਕਦੇ ਹੋ, ਤੁਸੀਂ ਮੁਨਾਫ਼ੇ ਵਿੱਚ ਰਹੋਗੇ। ਜਦੋਂ ਧਰਮ ਮੁਨਾਫ਼ੇ ਦਾ ਧੰਦਾ ਬਣ ਜਾਵੇ ਤਾਂ ਲੋਕਾਂ ਨੂੰ ਸਮਝ ਆਉਂਣੀ ਚਾਹੀਦੀ ਹੈ ਕਿ ਉਹ ਇਹਨਾਂ ਧਾਰਮਿਕ ਸਥਾਨਾਂ ਤੇ ਆਪਣੀ ਖੂਨ ਪਸੀਨੇ ਦੀ ਕਮਾਈ ਕਿਉਂ ਲੁਟਾ ਰਹੇ ਹਨ। ਇਹ ਸੱਚ ਹੈ ਮਨੁੱਖ ਨੇ ਬੀਜਿਆ ਹੀ ਵੱਢਣਾ ਹੁੰਦਾ ਹੈ। ਜੰਮਣਾ, ਜਿਉਣਾ ਤੇ ਮਰਨਾ ਇਹ ਜੀਵਨ ਦੀ ਤਿਕੌਣ ਹੈ। ਜਿਉਣਾ ਤੁਹਾਡੇ ਹੱਥ ਵਸ ਹੈ। ਸਮਾਜ ਵਿੱਚ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਕਾਣੀ ਵੰਡ ਨੇ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰ ਦਿੱਤਾ ਹੈ। ਜੁਗਾਂ ਜੁਗਾਂ ਤੋਂ ਬੜੇ ਦਾਨਿਸ਼ਵਰ ਲੋਕ ਆਏ, ਉਹਨਾਂ ਨੇ ਲੋਕਾਈ ਨੂੰ ਜਾਗ੍ਰਿਤ ਕਰਨ ਲਈ ਹਰ ਯਤਨ ਕੀਤਾ ਪਰ ਲੋਕ ਨਹੀਂ ਸਮਝੇ। ਉਹ ਧਰਮ, ਨਸਲ, ਜਾਤਾਂ ਤੇ ਫ਼ਿਰਕਿਆਂ ਵਿੱਚ ਵੰਡੇ ਗਏ। 1947 ਦਾ ਉਜਾੜਾ ਰਾਜਨੀਤਿਕ ਹੋਇਆ ਸੀ, ਕਿਸੇ ਆਮ ਆਦਮੀ ਨੇ ਦੇਸ਼ ਵੰਡ ਦੀ ਮੰਗ ਨਹੀਂ ਕੀਤੀ ਸੀ। ਇਹ ਤਾਂ ਜਿਨਾਹ ਤੇ ਨਹਿਰੂ ਦੀ ਮੰਗ ਸੀ। ਉਹਨਾਂ ਨੇ ਪ੍ਰਧਾਨ ਮੰਤਰੀ ਬਣਨਾ ਸੀ। ਲੋਕ ਉਜੜਦੇ ਹਨ, ਉਜੜ ਜਾਣ। ਦਿੱਲੀ ਤੋਂ ਪਰੇ ਕਿਸੇ ਨੂੰ ਹੁਣ ਤੱਕ ਪਤਾ ਨਹੀਂ ਕਿ ਦੇਸ਼ ਦੀ ਵੰਡ ਹੋਈ ਹੈ ਕਿ ਆਜ਼ਾਦੀ ਆਈ ਹੈ। ਇਹ ਵੰਡ ਨੂੰ ਆਜ਼ਾਦੀ ਆਖੀ ਜਾਂਦੇ ਹਨ। ਹੁਣ ਫੇਰ ਦੋਹਾਂ ਪਾਸਿਆਂ ਦੇ ਹਾਕਮਾਂ ਨੇ ਨੂਰਾ ਕੁਸ਼ਤੀ ਕੀਤੀ। ਦੋਵੇਂ ਪਾਸੇ ਦੇ ਪੰਜਾਬ ਦੇ ਲੋਕਾਂ ਦੇ ਸਾਹ ਸੂਤੇ ਰਹੇ। ਹੁਣ ਇਸ ਨੂਰਾ ਕੁਸ਼ਤੀ ਦਾ ਸੱਚ ਸਾਹਮਣੇ ਆ ਰਿਹਾ ਹੈ। ਹੁਣ ਕੋਈ ਨਵਾਂ ਸ਼ੋਸ਼ਾ ਛੱਡਿਆ ਜਾਵੇਗਾ ਅਤੇ ਪਿਛਲੇ ਨੂੰ ਭੁਲਾਇਆ ਜਾਵੇਗਾ। ਕਿਉਂਕਿ ਅਸੀਂ ਬੜੇ ਭੁਲੱਕੜ ਤੇ ਭੁਮੱਕੜ ਹਾਂ। ਪੰਜਾਬ ਦੇ ਭੁਮੱਕੜਾਂ ਨੂੰ ਨਜ਼ਰਅੰਦਾਜ਼ ਕਰਕੇ ਦਿੱਲੀ ਤੇ ਯੂਪੀ ਦੇ ਹਾਕਮ ਬਣਾ ਦਿੱਤੇ ਹਨ। ਉਧਰ ਪੰਜਾਬ ਵਿਰੋਧੀ ਤਾਕਤਾਂ ਨੇ ਧਰਮ ਦੀ ਮਿਜ਼ਾਇਲ ਚਲਾ ਦਿੱਤੀ ਹੈ। ਤਖਤਾਂ ਨੂੰ ਆਪਸ ਵਿੱਚ ਲੜਾ ਦਿੱਤਾ ਹੈ। ਹੁਣ ਦੋਵੇਂ ਪਾਸਿਓਂ ਸ਼ਬਦਾਂ ਦੀਆਂ ਮਿਜ਼ਾਇਲਾਂ ਦਾਗੀਆਂ ਜਾ ਰਹੀਆਂ ਹਨ। ਆਮ ਲੋਕਾਂ ਦੇ ਮਸਲਿਆਂ ਨੂੰ ਪੈਰਾਂ ਹੇਠ ਰੋਂਦਿਆਂ ਜਾ ਰਿਹਾ ਹੈ। ਆਮ ਲੋਕਾਂ ਨੂੰ ਰੋਟੀ ਦਾ ਫ਼ਿਕਰ ਲੱਗਿਆ ਹੋਇਆ। ਇਹਨਾਂ ਵਿਹਲੜਾਂ ਨੂੰ ਇੱਕ ਦੂਜੇ ਨਾਲ ਲੜਨ ਦਾ ਮੌਕਾ ਮਿਲਿਆ ਹੈ। ਦੁਨੀਆਂ ਵਿੱਚ ਪਹਿਲੀ ਤੇ ਦੂਜੀ ਜੰਗ ਵਿੱਚ ਓਨੇ ਲੋਕ ਨਹੀਂ ਮਰੇ, ਜਿੰਨੇ ਧਰਮ ਦੇ ਨਾਂ ਹੇਠਾਂ ਮਾਰੇ ਗਏ ਹਨ। ਧਰਮ ਲੋਕਾਂ ਦਾ ਨਿੱਜੀ ਮਾਮਲਾ ਹੈ ਪਰ ਇਸ ਧਾਰਮਿਕ ਸੰਪਰਦਾਇਕਾ ਨੇ ਜੰਗ ਦਾ ਮੈਦਾਨ ਬਣਾ ਲਿਆ ਹੈ। ਹੁਣ ਫੇਰ ਉਹੀ ਮਸੰਦ ਧਰਮ ਉਪਰ ਕਬਜ਼ਾ ਕਰ ਕੇ ਬਹਿ ਗਏ ਹਨ, ਜਿਹਨਾਂ ਮਸੰਦਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੰਡਾਂ ਨਾਲ ਬੰਨ੍ਹ ਕੇ ਫੂਕਿਆ ਸੀ। ਹੁਣ ਪੰਜਾਬ ਨੂੰ ਉਜਾੜਨ ਲਈ ਹਰ ਪਾਸੇ ਤੋਂ ਹਮਲੇ ਹੋ ਰਹੇ ਹਨ। ਇਹਨਾਂ ਹਮਲਿਆਂ ਨੂੰ ਰੋਕਣ ਕ੍ਰਾਂਤੀਕਾਰੀ ਜਥੇਬੰਦੀਆਂ ਲੜਾਈ ਲੜ੍ਹ ਰਹੀਆਂ ਹਨ ਪਰ ਉਹ ਆਪੋ ਆਪਣੀ ਹਾਉਮੈ ਨੂੰ ਵੱਡਾ ਕਰਨ ਲਈ ਆਪਣੇ ਵਰਕਰਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਜਦੋਂ ਦੁਸ਼ਮਣ ਇੱਕ ਹੈ, ਮੰਗਾਂ ਸਾਂਝੀਆਂ ਹਨ ਫੇਰ ਮੋਰਚੇ ਵੱਖੋ ਵੱਖ ਕਿਉਂ ਲਗਾਏ ਹਨ। ਜਿਵੇਂ ਬਾਬੇ ਬਕਾਲੇ ਬਾਈ ਮੰਜੀਆਂ ਲਗਾ ਕੇ ਮਹੰਤ ਤੇ ਮਸੰਦ ਗੁਰੂ ਬਣ ਕੇ ਬਹਿ ਗਏ ਸਨ। ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੀਆਂ ਜਥੇਬੰਦੀਆਂ ਦੀ ਹਾਲਤ ਇਉਂ ਹੀ ਨਜ਼ਰ ਆਉਂਦੀ ਹੈ। ਦੂਜੇ ਪਾਸੇ ਇਸ ਸਮੇਂ ਪੰਜਾਬ ਨੂੰ ਉਜਾੜਨ ਅਤੇ ਇਸ ਦੀ ਹੋਂਦ ਖ਼ਤਮ ਕਰਨ ਲਈ ਪੰਜਾਬ ਵਿਰੋਧੀ ਸ਼ਕਤੀਆਂ ਨੇ ਨਾਗਵਲ ਪਾ ਲਿਆ ਹੈ। ਸਿਆਸੀ ਪਾਰਟੀਆਂ ਨੂੰ ਉਜਾੜੇ ਨਾਲ ਕੋਈ ਸਰੋਕਾਰ ਨਹੀਂ। ਹਾਕਮਾਂ ਨੇ ਇਸ ਸਮੇਂ ਪੰਜਾਬ ਵਿੱਚ ਭਰਾ ਮਾਰੂ ਜੰਗ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚੋਂ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਆਪ ਵਿੱਚ ਉਲਝ ਗਈ ਹੈ। ਉਸਨੇ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਗਾ ਲਿਆ ਹੈ। ਸਿੱਖ ਧਰਮ, ਸ੍ਰੀ ਆਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਜੱਥੇਦਾਰਾਂ ਦਾ ਧਰਮ ਪ੍ਰਤੀ ਸੁਹਿਰਦਤਾ ਦਾਅ ਉੱਤੇ ਲੱਗ ਗਈ ਹੈ। ਸਿੱਖ ਵਿਰੋਧੀ ਤਾਕਤਾਂ ਸਰਗਰਮ ਹੋ ਗਈਆਂ ਹਨ। ਇੱਕ ਦੂਜੇ ਉਪਰ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ। ਇੱਕ ਦੂਜੇ ਉਪਰ ਚਿੱਕੜ ਸੁੱਟਿਆ ਜਾ ਰਿਹਾ ਹੈ। ਪੰਜਾਬ ਦੀਆਂ ਹੱਕੀ ਮੰਗਾਂ ਉਪਰ ਕਿਸੇ ਵੀ ਸਿਆਸੀ ਪਾਰਟੀ ਦਾ ਧਿਆਨ ਨਹੀਂ। ਪੰਜਾਬ ਨੂੰ ਆਰਥਿਕ ਤੌਰ ਕੰਮਜ਼ੋਰ ਕਰਨ ਲਈ ਮੰਡੀਆਂ ਵਿੱਚ ਕਿਸਾਨ ਰੋਲਿਆ ਜਾ ਰਿਹਾ। ਬੇਰੁਜ਼ਗਾਰ ਨੌਜਵਾਨਾਂ ਨੂੰ ਸੜਕਾਂ ਉੱਤੇ ਭਜਾ ਭਜਾ ਕੇ ਕੁੱਟਿਆ ਜਾ ਰਿਹਾ ਹੈ। ਪੰਜਾਬ ਵਿੱਚ ਪਹਿਲਾਂ ਦਲਿਤ ਭਾਈਚਾਰੇ ਨੂੰ ਜੱਟਾਂ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਫ਼ਲ ਨਾ ਹੋਈ ਤਾਂ ਹੁਣ ਭਈਏ ਤੇ ਪੰਜਾਬੀ ਮੁੱਦਾ ਉਭਾਰ ਦਿੱਤਾ ਹੈ। ਪੰਜਾਬ ਵਿਰੋਧੀ ਤਾਕਤਾਂ ਲਈ ਕੋਈ ਮਰੇ ਤੇ ਜੀਵੇ, ਉਹਨਾਂ ਲਈ ਕੋਈ ਫਰਕ ਨਹੀਂ। ਪਹਿਲਾਂ ਵੀ ਪੰਜਾਬ ਵਿਰੋਧੀ ਤਾਕਤਾਂ ਨੇ ਨੌਜਵਾਨਾਂ ਦਾ ਸ਼ਿਕਾਰ ਪੰਜਾਬ ਦੇ ਸਿਆਸੀ ਆਗੂਆਂ ਨਾਲ ਰਲ਼ ਕੇ ਖੇਡਿਆ ਸੀ। ਪੰਜਾਬ ਦੀ ਸਿਹਤ, ਸਿੱਖਿਆ, ਰੁਜ਼ਗਾਰ, ਵਿਦੇਸ਼ਾਂ ਨੂੰ ਜਾਣ ਵਾਲੀ ਬੌਧਿਕ ਸ਼ਕਤੀ ਤੇ ਸਰਮਾਇਆ ਤੇ ਦਿਨੋਂ ਦਿਨ ਖਰਾਬ ਹੋ ਰਹੀ ਅਮਨ ਕਾਨੂੰਨ ਦੀ ਸਥਿਤੀ ਵੱਲ ਕਿਸੇ ਦਾ ਧਿਆਨ ਨਹੀਂ। ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜ ਸੇਵੀ ਸੰਸਥਾਵਾਂ ਤੇ ਹੋਰ ਜੱਥੇਬੰਦੀਆਂ ਆਪੋ ਆਪਣਾ ਡੋਰੂ ਵਜਾ ਰਹੀਆਂ ਹਨ। ਲੇਖਕ ਤੇ ਬੁਧੀਜੀਵੀ ਲਾਣਾ ਪੁਰਸਕਾਰਾਂ ਦੀ ਭਾਲ ਵਿੱਚ ਨਿਕਲਿਆ ਹੋਇਆ ਹੈ। ਪੰਜਾਬ ਦੀਆਂ ਅਗਾਂਹਵਧੂ ਸੋਚ ਵਾਲੀਆਂ ਜਥੇਬੰਦੀਆਂ ਨੂੰ ਜ਼ਰੂਰ ਸੋਚਣਾ ਪਵੇਗਾ ਕਿ ਉਹਨਾਂ ਨੇ ਲੜਾਈ ਕਿਵੇਂ ਲੜ੍ਹਨੀ ਹੈ।ਇਸ ਸਮੇਂ ਪੰਜਾਬ ਉਜੜ ਗਿਆ ਹੈ। ਪਿੰਡ ਪੰਜਾਬੀਆਂ ਬਿਨਾਂ ਖਾਲੀ ਹੋ ਰਹੇ ਹਨ, ਪੰਜਾਬੀ ਕੌਮ ਕਿਧਰ ਨੂੰ ਜਾ ਰਹੀ ਹੈ ਪਰ ਸੋਚਣਾ ਪਵੇਗਾ। ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ। ਦੋਸਤੋ ਇਸ ਸਮੇਂ ਕਿਸੇ ਗੁਰੂ, ਪੀਰ ਪੈਗੰਬਰ ਤੇ ਗਦਰੀ ਬਾਬਿਆਂ ਨੇ ਨਹੀਂ ਆਉਣਾ ਸਗੋਂ ਸਾਨੂੰ ਖ਼ੁਦ ਗੁਰ ਨਾਨਕ ਤੇ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ। ਖੁੱਦ ਸ਼ਹੀਦ ਭਗਤ ਸਿੰਘ ਬਣਨਾ ਪਵੇਗਾ। ਹੁਣ ਸਾਨੂੰ ਆਪਣੀ ਅੰਦਰਲੀ ਤਾਕਤ ਨੂੰ ਪਛਾਨਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਤਾਕਤਾਂ ਨੂੰ ਨੱਥ ਪਾਈ ਜਾ ਸਕੇ। ਪੰਜਾਬ ਵਿਰੋਧੀ ਤਾਕਤਾਂ ਦੇ ਪਾਏ ਨਾਗਵਲ ਨੂੰ ਕਿਵੇਂ ਤੋੜਨਾ ਤੇ ਲੋਕਾਂ ਨੂੰ ਕਿਵੇਂ ਜੋੜਨਾ ਹੈ, ਇਸ ਸਬੰਧੀ ਸੁਚੇਤ ਤੇ ਜਾਗਰੂਕ ਧਿਰਾਂ ਨੂੰ ਅੱਗੇ ਲੱਗਣਾ ਪਵੇਗਾ। ਪੰਜਾਬੀਆਂ ਦੀ ਹੋਂਦ ਤੇ ਧਰਤੀ ਖਤਮ ਕਰਨ ਲਈ ਉਹਨਾਂ ਨੇ ਹਰ ਤਰੀਕਾ ਵਰਤਿਆ ਹੈ। ਅਸੀਂ ਅਤੀਤ ਦੇ ਇਤਿਹਾਸ ਉਪਰ ਮਾਣ ਕਰਦੇ ਹਾਂ ਪਰ ਖੁਦ ਕੀ ਕਰਦੇ ਹਾਂ, ਇਸ ਬਾਰੇ ਕੋਈ ਨਹੀਂ ਸੋਚਦਾ। ਸਾਡੇ ਲਈ ਸੋਸ਼ਲ ਮੀਡੀਆ ਰਾਹੀਂ ਹਰ ਤਰ੍ਹਾਂ ਹਮਲਾ ਕੀਤਾ ਜਾ ਰਿਹਾ ਤੇ ਅਸੀਂ ਆਪਸ ਵਿੱਚ ਉਲਝ ਕੇ ਰਹਿ ਗਏ ਹਾਂ। ਪੰਜਾਬ ਵਿਰੋਧੀ ਤਾਕਤਾਂ ਨੇ ਸੋਸ਼ਲ ਮੀਡੀਏ ਉੱਤੇ ਨਜ਼ਰ ਰੱਖੀ ਹੋਈ ਹੈ, ਉਹ ਨੌਜਵਾਨਾਂ ਨੂੰ ਊਟ ਪਟਾਂਗ ਗੱਲਾਂ ਬਾਤਾਂ ਵਿੱਚ ਉਲਝਾਉਣ ਵਿੱਚ ਲੱਗੇ ਹੋਏ ਹਨ ਅਤੇ ਅਸੀਂ ਉਨ੍ਹਾਂ ਦੇ ਹਰ ਜਾਲ ਵਿੱਚ ਫਸ ਦੇ ਜਾ ਰਹੇ ਹਾਂ। ਉਹਨਾਂ ਨੇ ਸਾਡੇ ਹਰ ਪਾਸੇ ਜ਼ਹਿਰ ਛਿੜਕ ਦਿੱਤੀ ਹੈ । ਓਹਨਾਂ ਸਿਆਸੀ ਆਗੂਆਂ ਦੇ ਹੱਥ ਵਤੀਰਾ ਜਿਹਨਾਂ ਨੇ ਪੰਜਾਬ ਦੀ ਇਹ ਹਾਲਤ ਬਣਾਈ ਐ। ਜੇ ਅਸੀਂ ਹੁਣ ਵੀ ਨਾ ਸੰਭਲੇ ਤੇ ਅੰਦਰਲੀ ਸ਼ਕਤੀ ਨੂੰ ਨ ਜਗਾਇਆ ਤਾਂ ਆਉਣ ਵਾਲ਼ੀਆਂ ਨਸਲਾਂ ਤੇ ਫਸਲਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਆਓ ਆਪਣੀ ਅਣਖ਼ ਨੂੰ ਜਗਾਈਏ ਤੇ ਪੰਜਾਬ ਨੂੰ ਬੰਜਰ ਤੇ ਖੰਡਰ ਅਤੇ ਜ਼ਹਿਰੀਲਾ ਹੋਣ ਤੋਂ ਬਚਾਈਏ। ਉਠੋ ਤੁਰੋ ਜੁੜੇ ਤੇ ਸਾਂਝੀ ਜੰਗ ਲੜੀਏ ਤੇ ਕੱਲੇ ਕੱਲੇ ਨ ਮਰੀਏ। ਗਲਾਂ ਚੋਂ ਫਾਹੇ ਲਾ ਕੇ ਉਹਨਾਂ ਦੇ ਗਲ ਪਾਈਏ ਜਿਹਨਾਂ ਨੇ ਪੰਜਾਬ ਨੂੰ ਬੰਜਰ ਤੇ ਖੰਡਰ ਬਣਾ ਦਿੱਤਾ। ਜਿੱਤ ਤੇ ਜਿਤਾਉਣ ਦੀ ਤਾਕਤ ਲੋਕਾਂ ਦੇ ਸਾਹਮਣੇ ਆ ਰਹੇਗੀ ਹੈ । ਜਾਗੋ ਜਾਗੋ ਜਾਗਣ ਦਾ ਵੇਲਾ ਆ ਗਿਆ ਹੈ । ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਸ਼ਬਦ ਗੁਰੂ ਨਾਲ ਜੋੜਨ ਲਈ ਤੇ ਲੜਣ ਲਈ ਤਿਆਰ ਹੋਣ ਦਾ ਹੋਕਾ ਦੇਈਏ ਕਿਉਕਿ ਜਿਉਣ ਲਈ ਸੰਘਰਸ਼ ਕਰਨ ਦੀ ਲੋੜ ਹੈ । ਆਓ ਆਪਣੀ ਮਰਨ ਗਈ ਸੰਵੇਦਨਾ ਨੂੰ ਜਗਾਈਏ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਕਰੀਏ। ਮਰਨਾ ਤਾਂ ਹੈ ਕਿਉਂ ਨਾ ਸੰਘਰਸ਼ ਕਰਦੇ ਹੋਏ ਜਿਉਣ ਦਾ ਰਸਤਾ ਤਲਾਸ਼ ਕਰੀਏ । ਹੁਣ ਲੜਣ ਦੇ ਬਿਨਾਂ ਸਰਨਾ ਨਹੀਂ। ਲੜਣ ਦੀ ਲੋੜ ਐ। ਜਾਗੋ, ਉਠੋ ਤੇ ਸੰਘਰਸ਼ ਕਰੋ। ਜਦੋਂ ਤੱਕ ਹਰ ਪੰਜਾਬੀ ਆਪਣੀ ਹਾਊਮੈਂ ਨੂੰ ਤਿਆਗ ਕੇ ਇੱਕ ਮੰਚ ਤੇ ਇਕੱਠਾ ਨਹੀਂ ਹੁੰਦਾ, ਉਦੋਂ ਤੱਕ ਸਾਡੇ ਕੁੱਟ ਪੈਂਦੀ ਰਹੇਗੀ ਤੇ ਅਸੀਂ ਬਿਨਾਂ ਵਜ੍ਹਾ ਮੌਤ ਮਰਦੇ ਰਹਾਂਗੇ। ਪੰਜਾਬ ਦੇ ਲੋਕਾਂ ਨੇ ਆਪਣੇ ਵਰਤਮਾਨ ਤੇ ਭਵਿੱਖ ਨੂੰ ਕਿਵੇਂ ਬਚਾਉਣਾ ਹੈ ਇਹ ਤਾਂ ਹੁਣ ਉਹਨਾਂ ਨੂੰ ਜ਼ਰੂਰ ਸੋਚਣਾ ਪਵੇਗਾ। ਪੰਜਾਬ ਇੱਕ ਵਾਰ ਫਿਰ ਅੱਸੀਵਿਆਂ ਦੇ ਦਹਾਕੇ ਵੱਲ ਦੌੜ ਪਿਆ ਹੈ। ਹੁਣ ਇਸ ਕਾਲੇ ਦੌਰ ਵਿਚੋਂ ਕਿਵੇਂ ਬਚਣਾ ਹੈ,ਇਸ ਲਈ ਇੱਕਮੁੱਠ ਜਥੇਬੰਦ ਹੋਣਾ ਪਵੇਗਾ। ਆਪਣੀ ਹੋਂਦ ਦੀ ਲੜਾਈ ਸਾਨੂੰ ਖ਼ੁਦ ਲੜਨੀ ਪਵੇਗੀ। ਕਾਲੀਆਂ ਤਾਕਤਾਂ ਦੇ ਟਾਕਰੇ ਲਈ ਸਾਰਥਿਕ ਪਹੁੰਚ ਅਪਣਾਉਣ ਦੀ ਲੋੜ ਹੈ। ਅਗਾਂਹਵਧੂ ਜਥੇਬੰਦੀਆਂ ਨੂੰ ਆਪੋ ਆਪਣੇ ਚੁੱਲ੍ਹੇ ਸਮੇਟ ਕੇ ਗ਼ਦਰ ਪਾਰਟੀ ਦੇ ਵਾਂਗ ਇੱਕ ਚੁੱਲ੍ਹੇ ਉੱਤੇ ਲੰਗਰ ਬਣਾਉਣ ਦੀ ਲੋੜ ਹੈ। ਇਹਨਾਂ ਜਥੇਬੰਦੀਆਂ ਨੂੰ ਗ਼ਦਰ ਲਹਿਰ ਤੋਂ ਸਬਕ ਲੈਣ ਦੀ ਲੋੜ ਹੈ। ਪਰ ਹੰਕਾਰ ਤੇ ਹਾਉਮੈ ਉਹਨਾਂ ਨੂੰ ਇਕੱਠੇ ਨਹੀਂ ਹੋਣ ਦੇ ਰਿਹਾ। ਇਸੇ ਕਰਕੇ ਇਹ ਆਪਣੇ ਕੁੱਝ ਹਾਸਲ ਨਹੀਂ ਹੋ ਸਕਿਆ। ਕਹਿੰਦੇ ਹਨ ਮੱਛੀ ਪੱਥਰ ਨਾਲ ਟਕਰਾ ਕੇ ਵਾਪਸ ਪਰਤ ਦੀ ਹੈ, ਪਰ ਇਹ ਤਾਂ ਪੱਥਰਾਂ ਤੋਂ ਅੱਗੇ ਲੰਘ ਗਏ ਲੱਗਦੇ ਹਨ? ਕੀ ਵਿਚਾਰ ਹੈ ਧਾਰਮਿਕ ਤੇ ਅਗਾਂਹਵਧੂ ਜਥੇਬੰਦੀਆਂ ਦੇ ਸਹਿਯੋਗੀ ਓ?

ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।