ਪੰਜਾਬ ਸਰਕਾਰ ਨੇ ਇਸ਼ਤਿਆਰਾਂ ਤੇ ਖਰਚੇ 317 ਕਰੋੜ ਰੁਪਏ
ਫਤਹਿਗੜ੍ਹ ਸਾਹਿਬ, 27 ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ) ;
ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਲਗਭਗ ਤਿੰਨ ਸਾਲਾਂ ਤੋਂ ਪੇ ਕਮਿਸ਼ਨ ਤੇ ਡੀ ਏ ਦੀਆਂ ਕਿਸਤਾਂ ਦੇ ਬਕਾਏ ਲਈ ਸੰਘਰਸ਼ ਕਰਦੇ ਆ ਰਹੇ ਹਨ, ਕਦੇ ਮੋਹਾਲੀ, ਚੰਡੀਗੜ੍ਹ ਧਰਨੇ ਕਦੇ ਜਿਮਨੀ ਚੋਣ ਹਲਕਿਆਂ ਸਮੇਤ ਸੈਂਕੜੇ ਵਾਰ ਆਰਥੀ ਫੂਕ ਮੁਜ਼ਾਹਰੇ ਮੁੱਖ ਮੰਤਰੀ ਸੌਣ, ਭਾਦੋਂ ਦੇ ਚੰਦ ਵਾਂਗ ਰਾਤ ਨੂੰ 12 ਵਜੇ ਗੋਡੀ ਮਾਰ ਜਾਂਦਾ। ਵਿੱਤ ਮੰਤਰੀ ਜੀ ਦਰਸ਼ਨ ਜਰੂਰ ਦਿੰਦੇ ਰਹੇ,ਭਰੇ ਹੋਏ ਖਜ਼ਾਨੇ ਦੇ ਦਰਸ਼ਨ ਵੀ ਕਰਵਾਉਂਦੇ ਰਹੇ,ਪ੍ਰੰਤੂ ਚਾਬੀਆਂ ਮੁੱਖ ਮੰਤਰੀ ਵੱਲ ਸੁੱਟ ਦਿੰਦੇ, ਮੁਲਾਜਮ ਤੇ ਪੈਨਸ਼ਨਰ ਫਿਰ ਸੰਘਰਸ਼ ਲਈ ਕਮਰ ਕੱਸੇ ਕਸਦੇ, ਫਿਰ ਮੀਟਿੰਗਾਂ ਦੇ ਦੌਰ ਚਲਦੇ, ਮੁਲਾਜਮਾਂ ਦੇ ਪੈਨਸ਼ਨਰਾਂ ਦਾ ਤਿੰਨ ਸਾਲਾਂ ਦਾ ਇਹੀ ਚੱਕਰ ਵਿਊ ਚੱਲਦਾ ਰਿਹਾ ਹੈ । ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਖਜ਼ਾਨੇ ਵੱਲ ਮੂੰਹ ਕਰਕੇ ਬਕਾਏ ਉਡੀਕਦੇ ਪ੍ਰੰਤੂ ਪੰਜਾਬ ਸਰਕਾਰ ਲੋਕਾਂ ਨੂੰ ਕ੍ਰਾਂਤੀ ਦੇ ਦਰਸ਼ਨ ਕਰਾਉਣ ਲਈ ਵੱਡੇ ਵੱਡੇ ਇਸ਼ਤਿਆਰਾਂ ਰਾਹੀਂ ਖਜ਼ਾਨੇ ਦੇ ਮੂੰਹ ਖੋਲਦੀ ਰਹੀ। ਪੰਜਾਬ ਸਰਕਾਰ ਨੇ ਅੱਜ ਤੱਕ 337 ਕਰੋੜ ਇਸ਼ਤਿਹਾਰਾਂ ਤੇ ਖਰਚ ਚੁੱਕੀ ਹੈ। ਪ੍ਰੰਤੂ ਪੰਜਾਬ ਦੇ ਲੋਕਾਂ ਨੂੰ ਇਨਕਲਾਬ ਨਜ਼ਰ ਨਹੀਂ ਆਇਆ ,ਅੱਖੇ ਮੁਰਗੀ ਆਪਣੀ ਜਾਨ ਤੋਂ ਗਈ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਵਿੱਚ ਦਾਅਵੇ ਕੀਤੇ ਸਨ ਕਿ ਜਦੋਂ ਸਾਡੀ ਸਰਕਾਰ ਆ ਜਾਵੇਗੀ ਤਾਂ ਕਰੋੜਾਂ ਰੁਪਏ ਦੇ ਇਸ਼ਤਿਆਰ ਦੇਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਸਾਡੀ ਸਰਕਾਰ ਦਾ ਕੰਮ ਬੋਲੇਗਾ ! ਪ੍ਰੰਤੂ ਇਸ਼ਤਿਆਰਾਂ ਦੇ ਮਾਮਲੇ ਵਿੱਚ ਪਿਛਲੀਆਂ ਸਰਕਾਰਾਂ ਨੂੰ ਪਿੱਛੇ ਛੱਡ ਕੇ ਭਗਵੰਤ ਮਾਨ ਸਰਕਾਰ ਨੇ ਕ੍ਰਾਂਤੀ ਜਰੂਰ ਕੀਤੀ ਹੈ। ਰਾਜ ਲੋਕ ਸੂਚਨਾ ਅਫਸਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਇੱਕ ਆਰਟੀਆਈ ਤਹਿਤ ਖੁਲਾਸਾ ਕੀਤਾ ਗਿਆ ਹੈ ਕਿ ਸਾਲ 2017- 18 ਵਿੱਚ 5.77 ਕਰੋੜ, 18 – 19 14.2 ਕਰੋੜ, ਸਾਲ 19- 20 ਵਿੱਚ 25. 31 ਕਰੋੜ, 20 ਤੇ 21 ਵਿੱਚ 26.70 ਕਰੋੜ, 21 -22 ਵਿੱਚ 52.3 ਕਰੋੜ, 22 ਤੇ 23 ਵਿੱਚ 92.76 ਕਰੋੜ ,23- 24 ਵਿੱਚ 129.7 ਕਰੋੜ 24-25 ਵਿੱਚ 94.4 ਕਰੋੜ ਆਦਿ ਖਰਚ ਕੀਤੇ ਗਏ ਹਨ। ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਕਨਵੀਨਰ ਜਰਮਨਜੀਤ ਸਿੰਘ ਨੇ ਦੱਸਿਆ ਕਿ ਇਹ ਸਰਕਾਰ ਮੁਲਾਜ਼ਮਾ ਪੈਨਸ਼ਨਰਾਂ ਅਤੇ ਆਮ ਲੋਕਾਂ ਲਈ ਦੂਜੀਆਂ ਸਰਕਾਰਾਂ ਨਾਲੋਂ ਵੀ ਵੱਧ ਦੋਖੀ ਸਾਬਤ ਹੋਈ ਹੈ ਇਸ ਨੇ ਜਿੱਥੇ ਕਾਰਪੋਰੇਟਾਂ ਦੇ ਪੱਖੀ ਨੀਤੀਆਂ ਨੂੰ ਲਾਗੂ ਹੀ ਨਹੀਂ ਕੀਤਾ, ਸਗੋਂ ਲੋਕਾਂ ਦੇ ਦਿਲਾਂ ਵਿੱਚ ਵਸਦੇ ਸ਼ਹੀਦੇ ਆਜ਼ਮ ਭਗਤ ਸਿੰਘ, ਡਾਕਟਰ ਭੀਮ ਰਾਓ ਅੰਬੇਦਕਰ ਨੂੰ ਵੀ ਨਹੀਂ ਬਖਸ਼ਿਆ, ਇਸ ਲਈ ਇਹ ਸਰਕਾਰ ਲੋਕਾਂ ਲਈ ਵੱਧ ਨਫਰਤ ਦੀ ਪਾਤਰ ਬਣੇਗੀ। ਪੈਨਸ਼ਨਰ ਆਗੂ ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਪੇ ਕਮਿਸ਼ਨ ਦੇ ਬਕਾਏ ਨੂੰ ਇਨਾਂ ਲੰਮਾ ਤੇ ਖਿਲਾਰ ਦਿੱਤਾ ਹੈ ਕਿ ਜਿਉਂਦੇ ਜੀਅ ਬਕਾਇਆ ਲੈਣਾ ਅਸੰਭਵ ਹੈ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਕਨਵੀਨਰ ਅਤਿੰਦਰਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰਨ ਲਈ ਮੁੱਖ ਮੰਤਰੀ ਸਮੇਤ ਸਿੱਖਿਆ ਮੰਤਰੀ ਵੱਡੇ ਵੱਡੇ ਬਿਆਨ ਦਾਗਦੇ ਹਨ ਪਰੰਤੂ ਇਹ ਬਿਆਨ ਹਕੀਕਤ ਨਾਲੋਂ ਬਹੁਤ ਦੂਰ ਹੁੰਦੇ ਹਨ, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਬਿਕਰਮਦੇਵ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲਾਂ ਸਮੇਤ ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ, ਕੇਂਦਰ ਦੇ ਇਸ਼ਾਰੇ ਤੇ ਲੋਕ ਵਿਰੋਧੀ ਨਵੀ ਸਿੱਖਿਆ ਨੀਤੀ 2020 ਨੂੰ ਪੰਜਾਬ ਸਰਕਾਰ ਨੇ ਬੜੀ ਬੇਸ਼ਰਮੀ ਨਾਲ ਲਾਗੂ ਕੀਤਾ ਹੈ, ਹਜ਼ਾਰਾਂ ਅਧਿਆਪਕ ਅੱਜ ਵੀ ਕੱਚੇ ਰੁਜ਼ਗਾਰ ਤੇ ਰੁਲ ਰਹੇ ਹਨ, ਇਸ ਸਰਕਾਰ ਤੋਂ ਇੱਕ ਭਰਤੀ ਵੀ ਮੁਕੰਮਲ ਨਹੀਂ ਹੋਈ, ਸਕੂਲਾਂ ਨੂੰ ਰੰਗ ਰੋਗਨ ਕਰਕੇ ਸਿੱਖਿਆ ਕ੍ਰਾਂਤੀ ਨਹੀਂ ਆ ਜਾਂਦੀ, ਇਸ ਸਰਕਾਰ ਨੇ ਕਰੋੜਾਂ ਰੁਪਏ ਦੇ ਇਸ਼ਤਿਆਰ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੈ। ਇਸ ਸਰਕਾਰ ਤੋਂ ਅਖੌਤੀ ਇਨਕਲਾਬ ਦਾ ਬੁਰਕਾ ਛੇਤੀ ਹੀ ਲੀਰੋ ਲੀਰ ਹੋ ਜਾਵੇਗਾ।












