ਮੰਡੀ ਕਿੱਲਿਆਂਵਾਲੀ, 30 ਮਈ,ਬੋਲੇ ਪੰਜਾਬ ਬਿਊਰੋ;
ਸਿੰਘੇਵਾਲਾ-ਫ਼ਤੂਹੀਵਾਲਾ ਦੇ ਖੇਤਾਂ ਵਿਚ ਚੱਲ ਰਹੀ ਇਕ ਪਟਾਕਾ ਫੈਕਟਰੀ ਵਿੱਚ ਰਾਤ 1 ਵਜੇ ਦੇ ਕਰੀਬ ਜ਼ੋਰਦਾਰ ਧਮਾਕਾ ਹੋਇਆ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਤੇ 27 ਲੋਕ ਗੰਭੀਰ ਜ਼ਖਮੀ ਹੋ ਗਏ ਹਨ।
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਵਾਜ਼ ਕਈ ਕਿਲੋਮੀਟਰਾਂ ਤੱਕ ਸੁਣੀ ਗਈ। ਦੋ ਮੰਜ਼ਿਲਾਂ ਦੀ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ।
ਹੁਣ ਵੀ ਦੋ ਵਿਅਕਤੀ ਮਲਬੇ ਹੇਠ ਦੱਬੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਜ਼ਖਮੀਆਂ ਨੂੰ ਤੁਰੰਤ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪਟਾਕਾ ਫੈਕਟਰੀ ਵਿੱਚ ਲਗਭਗ 40 ਮੁਲਾਜ਼ਮ ਦੋ ਸ਼ਿਫਟਾਂ ਵਿਚ ਕੰਮ ਕਰਦੇ ਸਨ, ਜਿਨ੍ਹਾਂ ਵਿੱਚ ਕਈ ਆਪਣੇ ਪਰਿਵਾਰਾਂ ਸਮੇਤ ਉੱਥੇ ਹੀ ਰਹਿੰਦੇ ਸਨ। ਜ਼ਿਆਦਾਤਰ ਕਾਮੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਨ।
ਸੂਚਨਾ ਮਿਲਦੇ ਹੀ ਡੀ.ਐਸ.ਪੀ. ਜਸਪਾਲ ਸਿੰਘ ਅਤੇ ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਮੌਕੇ ’ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਾਹਤ ਤੇ ਬਚਾਅ ਕੰਮ ਜਾਰੀ ਹਨ।












