ਮੁੱਖ ਮੰਤਰੀ ਦੀ ਸੰਵੇਦਨਹੀਣਤਾ ਦੀ ਸਖ਼ਤ ਨਿੰਦਾ, ਐਕਸ਼ਨ ਕਮੇਟੀ ਵਲੋਂ ਦਿੱਤੇ 5 ਜੂਨ ਦੇ ਰੋਸ ਪ੍ਰਦਰਸ਼ਨ ਨੂੰ ਪਾਰਟੀ ਵਲੋਂ ਪੂਰਨ ਸਮਰਥਨ ਦੇਣ ਦਾ ਐਲਾਨ
ਮਾਨਸਾ, 1 ਜੂਨ ,ਬੋਲੇ ਪੰਜਾਬ ਬਿਊਰੋ;
ਸੀਪੀਆਈ ਐਮ ਐਲ ਲਿਬਰੇਸ਼ਨ ਨੇ ਗੋਨੇਆਣਾ ਦੇ ਇਕ ਨੌਜਵਾਨ ਪ੍ਰਾਈਵੇਟ ਟੀਚਰ ਨਰਿੰਦਰ ਦੀਪ ਸਿੰਘ ਨੂੰ ਸੀਆਈਏ ਬਠਿੰਡਾ ਵਲੋਂ ਅਣਮਨੁੱਖੀ ਤਸੀਹੇ ਦੇ ਕੇ ਮਾਰਨ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਤੇ ਕਾਤਲ ਪੁਲਸੀਆ ਨੂੰ ਸਜ਼ਾ ਦਿਵਾਉਣ ਲਈ ਚੱਲ ਰਹੇ ਜਨਤਕ ਸੰਘਰਸ਼ ਨੂੰ ਡੱਟਵਾਂ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਪਾਰਟੀ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਪਦਾ ਹੈ ਭਗਵੰਤ ਮਾਨ ਸਰਕਾਰ ਨੇ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਕਿ ਉਹ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਜਾਂ ਤਸ਼ੱਦਦ ਕਰਕੇ ਨੌਜਵਾਨਾਂ ਨੂੰ ਖਤਮ ਕਰ ਸਕਦੀ ਹੈ। ਇਸੇ ਸਿਲਸਿਲੇ ਵਿੱਚ ਸੀਆਈਏ ਸਟਾਫ਼ ਬਠਿੰਡਾ ਨੇ 23 ਮਈ ਨੂੰ ਨਰਿੰਦਰ ਦੀਪ ਸਿੰਘ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ, ਪਰ ਐਨੇ ਦਿਨ ਬਾਅਦ ਵੀ ਪਰਿਵਾਰ ਅਤੇ ਆਮ ਲੋਕ ਇਹ ਜਾਨਣਾ ਚਾਹੁੰਦੇ ਨੇ ਕਿ ਆਖਰ ਨਰਿੰਦਰ ਦਾ ਗੁਨਾਹ ਕੀ ਸੀ? ਮੁੱਖ ਮੰਤਰੀ ਮਾਨ ਦੀ ਸੰਵੇਦਨਹੀਣਤਾ ਦਾ ਆਲਮ ਇਹ ਹੈ ਕਿ ਦੋ ਦਿਨ ਗੋਨੇਆਣਾ ਦੇ ਬਿਲਕੁਲ ਕਰੀਬ ਬਠਿੰਡਾ ਵਿੱਚ ਗੁਜ਼ਾਰਨ ਦੇ ਬਾਵਜੂਦ ਉਨ੍ਹਾਂ ਨੇ ਪੁਲਿਸ ਵਲੋਂ ਮਾਰ ਦਿਤੇ ਗਏ ਨੌਜਵਾਨ ਦੇ ਦੁੱਖੀ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਨ ਲਈ ਵੀ ਪੰਜ ਮਿੰਟ ਨਹੀਂ ਕੱਢੇ।
ਬਿਆਨ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਕੇਸ ਦੀ ਐਫ਼ ਆਈ ਆਰ ਵਿੱਚ ਜੋ ਗੈਰ ਇਰਾਦਤਨ ਕਤਲ ਦੀ ਧਾਰਾ ਲਾਈ ਹੈ, ਉਸ ਦੀ ਬਜਾਏ ਸਿੱਧੀ ਕਤਲ ਦੀ ਧਾਰਾ ਲਾਈ ਜਾਵੇ ਅਤੇ ਇਸ ਦੀ ਜਾਂਚ ਹਾਈਕੋਰਟ ਦੇ ਜੱਜ ਦੇ ਜਾਂ ਸੀਬੀਆਈ ਦੇ ਹਵਾਲੇ ਕੀਤੀ ਜਾਵੇ, ਕਿਉਂਕਿ ਪੁਲੀਸ ਉਤੇ ਪਰਿਵਾਰ ਤੇ ਜਨਤਾ ਨੂੰ ਕੋਈ ਯਕੀਨ ਨਹੀਂ ਬਚਿਆ। ਲਿਬਰੇਸ਼ਨ ਪਾਰਟੀ ਨੇ ਇਸ ਕਤਲ ਕਾਂਡ ਸਬੰਧੀ ਬਣੀ ਐਕਸ਼ਨ ਕਮੇਟੀ ਵੱਲੋਂ ਇਨਸਾਫ਼ ਲੈਣ ਲਈ 5 ਜੂਨ ਨੂੰ ਐਸ ਐਸ ਪੀ ਬਠਿੰਡਾ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਪੂਰਨ ਹਿਮਾਇਤ ਦੇਣਾ ਦਾ ਵੀ ਐਲਾਨ ਕੀਤਾ ਹੈ।












