ਅੰਮ੍ਰਿਤਸਰ, 1 ਜੂਨ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀ ਸ਼ਹੀਦੀ ਅਰਦਾਸ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਭਾਸ਼ਣ ਨਾ ਦੇਣ ਸੰਬੰਧੀ ਦਿੱਤੇ ਬਿਆਨ ’ਤੇ ਆਪਣਾ ਰੁਖ ਸਪੱਸ਼ਟ ਕੀਤਾ ਹੈ। ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਆਤਮਕ ਸੰਜੀਵਨੀ ਕੇਂਦਰ ਹੈ, ਜਿੱਥੇ ਸਾਰਿਆਂ ਨੂੰ ਨਿਮਰਤਾ ਅਤੇ ਏਕਤਾ ਨਾਲ ਸ਼ਹੀਦਾਂ ਦੀ ਯਾਦ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਕਿਸੇ ਵੀ ਸਿੰਘ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾ ਸਿਰਫ਼ ਗਲਤ ਹੈ, ਸਗੋਂ ਇਹ ਸਿੱਖ ਕੌਮ ਵਿੱਚ ਫ਼ੁਟ ਪੈਦਾ ਕਰਨ ਵਾਲੀ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਸਾਫ਼ ਕੀਤਾ ਕਿ ਅਜਿਹੀਆਂ ਸਾਜ਼ਿਸ਼ਾਂ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ।
ਸਿਮਰਨਜੀਤ ਸਿੰਘ ਮਾਨ ਨੇ ਅਪੀਲ ਕੀਤੀ ਕਿ ਗਿਆਨੀ ਹਰਨਾਮ ਸਿੰਘ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਿਆਨਾਂ ਵਿੱਚ ਹਲੀਮੀ ਅਤੇ ਮਰਿਆਦਾ ਬਰਕਰਾਰ ਰੱਖਣ। ਉਨ੍ਹਾਂ ਕਿਹਾ ਕਿ 6 ਜੂਨ ਦਾ ਸਮਾਗਮ ਭਾਈਚਾਰੇ ਵਾਲੀ ਭਾਵਨਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾਵੇ, ਤਾਂ ਜੋ ਸਿੱਖ ਕੌਮ ਇੱਕ ਆਵਾਜ਼ ਵਿੱਚ ਆਪਣੇ ਸ਼ਹੀਦਾਂ ਨੂੰ ਸਚੀ ਸ਼ਰਧਾਂਜਲੀ ਦੇ ਸਕੇ।
ਮਾਨ ਨੇ ਇਹ ਵੀ ਕਿਹਾ ਕਿ ਦਮਦਮੀ ਟਕਸਾਲ ਵੱਲੋਂ ਵੱਖ-ਵੱਖ ਥਾਂ ਸਮਾਗਮ ਕਰਨਾ ਏਕਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਹ ਸਮਾਂ ਇਕਜੁੱਟ ਹੋਣ ਦਾ ਹੈ, ਨਾਂ ਕਿ ਵੰਡ ਦਾ।












