ਲੁਧਿਆਣਾ2 ਜੂਨ ,ਬੋਲੇ ਪੰਜਾਬ ਬਿਊਰੋ;
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ, ਪੰਜਾਬ ਦੀ ਜਿਲ੍ਹਾ ਇਕਾਈ ਪਟਿਆਲਾ ਦੀ ਇੱਕ ਅਹਿਮ ਮੀਟਿੰਗ ਸੂਬਾ ਕਮੇਟੀ ਮੈਂਬਰ ਰਣਜੀਤ ਸਿੰਘ ਕਾਮਰੇਡ, ਬਲਜੀਤ ਸਿੰਘ ਅਤੇ ਸੀਮਾ ਰਾਣੀ
ਦੀ ਅਗਵਾਈ ਵਿੱਚ ਹੋਈ ਜਿਸ ਵਿਚ ਕੰਪਿਊਟਰ ਅਧਿਆਪਕਾਂ ਵੱਲੋਂ 5 ਜੂਨ ਦਿਨ ਵੀਰਵਾਰ ਨੂੰ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ 20 ਸਾਲਾਂ ਦੀ ਸਰਵਿਸ ਪੂਰੀ ਹੋਣ ਦੇ ਬਾਵਜੂਦ ਅਤੇ ਮਾਣਯੋਗ ਹਾਈਕੋਰਟ ਦੇ ਡਬਲ ਬੈੱਚ ਵੱਲੋ 25 ਫਰਵਰੀ 2025 ਦੇ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਦਿੱਤੇ ਇਤਿਹਾਸਕ ਫੈਸਲੇ ਦੇ ਬਾਵਜੂਦ 6640 ਕੰਪਿਊਟਰ ਅਧਿਆਪਕ ਅੱਜ ਵੀ ਆਪਣੇ ਜਾਇਜ ਹੱਕਾਂ ਤੋਂ ਵਾਂਝੇ ਹਨ।ਕੰਪਿਊਟਰ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਆਪ ਸੁਪਰੀਮੋ ਵੱਲੋ ਚੋਣ ਮੈਨੀਫੇਸਟੋ ਵਿੱਚ ਕੀਤੇ ਐਲਾਨ ਅਤੇ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਵੱਲੋ ਕੀਤੇ ਅਧਿਕਾਰਤ ਐਲਾਨ ਨੂੰ ਪੂਰਾ ਕਰਵਾਉਣ ਦੀ ਲੜਾਈ ਲੜ ਰਹੇ ਹਨ ਪਰ ਅੱਜ ਤੱਕ ਨਾ ਤਾਂ ਕੰਪਿਊਟਰ ਅਧਿਆਪਕਾਂ ਤੇ ਬਾਕੀ ਮੁਲਾਜਮਾਂ ਵਾਂਗ ਪੰਜਾਬ ਸਿਵਲ ਸਰਵਿਸ ਰੂਲਜ ਲਾਗੂ ਕੀਤੇ ਗਏ ਹਨ, ਨਾ ਛੇਵਾ ਪੇਅ ਕਮਿਸ਼ਨ ਲਾਗੂ ਕੀਤਾ ਗਿਆ ਹੈ ਅਤੇ ਨਾ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ 107 ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ ਕੋਈ ਵਿੱਤੀ ਲਾਭ ਦਿੱਤਾ ਗਿਆ ਹੈ। ਇੱਥੋ ਤੱਕ ਕਿ 4 ਕੰਪਿਊਟਰ ਅਧਿਆਪਕ ਬਿਨਾਂ ਕਿਸੇ ਵਿੱਤੀ ਲਾਭ ਮਿਲੇ ਆਪਣੀ 58 ਸਾਲ ਦੀ ਉਮਰ ਪੂਰੀ ਹੋਣ ਤੇ ਖਾਲੀ ਹੱਥ ਰਿਟਾਇਰ ਤੱਕ ਹੋ ਚੁੱਕੇ ਹਨ। ਸਰਕਾਰ ਵੱਲੋਂ ਆਪਣਾ ਲਿਆ ਗਿਆ ਰਾਜਨੀਤਿਕ ਫੈਸਲਾ ਕਿ ‘ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇਗਾ’ ਨੂੰ ਅਫਸਰਸ਼ਾਹੀ ਦੇ ਦਬਾਅ ਹੇਠ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਣ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਲਏ ਗਏ ਆਪਣੇ ਰਾਜਨੀਤਿਕ ਫੈਸਲੇ ਲਾਗੂ ਨਾ ਕਰਨਾ ਲੋਕਤੰਤਰ ਦਾ ਘਾਣ ਹੈ।ਸਰਕਾਰ ਦੇ ਇਸ ਅੜਿਅਲ ਅਤੇ ਬੇਰੁਖੀ ਵਾਲੇ ਰਵੱਈਏ ਅਤੇ ਸਿੱਖਿਆ ਮੰਤਰੀ ਪੰਜਾਬ ਦੇ 15 ਸਤੰਬਰ ਦੇ ਕੀਤੇ ਐਲਾਨ ਤੋਂ ਲਗਾਤਾਰ ਭੱਜਣ ਕਰਕੇ ਸੰਘਰਸ਼ ਕਮੇਟੀ ਵੱਲੋਂ 5 ਜੂਨ ਨੂੰ ਲੁਧਿਆਣਾ ਵਿਖੇ ਸੂਬਾਈ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਵਿਚ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਦੇ ਹੋਏ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨਗੇ ਅਤੇ ਡੀਸੀ ਦਫਤਰ ਲੁਧਿਆਣਾ ਤੋੰ ਐਮ ਐਲ ਏ ਕੈਡੀਡੇਟ ਸੰਜੀਵ ਕੁਮਾਰ ਅਰੋੜਾ ਦੇ ਦਫਤਰ ਤੱਕ ਰੋਸ ਮਾਰਚ ਕਰਦੇ ਹੋਏ ਸਰਕਾਰ ਦੇ ਝੂਠੇ ਲਾਰਿਆਂ ਦੇ ਆਮ ਜਨਤਾ ਨੂੰ ਪੈਂਫਲੇਟ ਵੰਡਣਗੇ। ਉਨ੍ਹਾਂ ਦੱਸਿਆ ਕਿ ਇਸ ਐਕਸ਼ਨ ਵਿਚ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਦੇ ਨਾਲ ਨਾਲ ਸਾਰੀਆਂ ਭਰਾਤਰੀ ਅਧਿਆਪਕ ਜੱਥੇਬੰਦੀਆਂ, ਮੁਲਾਜ਼ਮ ਫੈਡਰੇਸ਼ਨਜ਼, ਵਿਦਿਆਰਥੀ ਜੱਥੇਬੰਦੀਆਂ, ਸਮੂਹ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਅਤੇ ਹੋਰ ਜਨਤਕ ਜੱਥੇਬੰਦੀਆਂ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੀਆਂ। ਉਨ੍ਹਾਂ ਸਾਫ ਕੀਤਾ ਕਿ ਜੇਕਰ ਸਮਾਂ ਰਹਿੰਦੇ ਕੰਪਿਊਟਰ ਅਧਿਆਪਕਾਂ ਦੇ ਹੱਕ ਬਹਾਲ ਨਾ ਕੀਤੇ ਗਏ ਤਾਂ ਉਹ ਸੰਘਰਸ਼ ਨੂੰ ਹੋਰ ਤੇਜ ਕਰ ਦੇਣਗੇ ਅਤੇ ਲੁਧਿਆਣਾ ਜਿਮਨੀ ਚੋਣ ਵਿੱਚ ਪੰਜਾਬ ਸਰਕਾਰ ਦੇ ਹਰ ਮੰਤਰੀ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਸਬੰਧਿਤ ਵਿਭਾਗ ਦੀ ਹੋਵੇਗੀ।















