ਭਾਈ ਬਖਤੌਰ ਕਾਂਡ ਦੇ ਦੋਸ਼ੀਆਂ ਖਿਲਾਫ ਜੁਰਮਾਂ ਦੇ ਵਾਧੇ ਤੇ ਥਾਣੇਦਾਰ ਖਿਲਾਫ ਕੇਸ ਦਰਜ ਕਰਨ ਦੀ ਮੰਗ
ਸਰਕਾਰ ਜ਼ਖ਼ਮੀ ਫੌਜੀ ਦੇ ਬੇਹਤਰ ਇਲਾਜ ਦੀ ਜ਼ਿੰਮੇਵਾਰੀ ਲਵੇ, ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਤੇ ਸੁਰਖਿਆ ਦੇਵੇ
ਮਾਨਸਾ, 5 ਜੂਨ ,ਬੋਲੇ ਪੰਜਾਬ ਬਿਊਰੋ;
ਮਾਨ ਸਰਕਾਰ ਦਾ ਐਲਾਨ ਹੈ ਕਿ 31 ਮਈ ਤੱਕ ਪੰਜਾਬ ਨਸ਼ਿਆਂ – ਖ਼ਾਸ ਕਰ ਚਿੱਟੇ ਤੋਂ ਮੁਕਤ ਕਰ ਦਿੱਤਾ ਗਿਆ ਹੈ, ਪਰ ਹਕੀਕਤ ਇਸ ਤੋਂ ਉਲਟ ਹੈ। ਸੱਤਾਧਾਰੀਆਂ ਤੇ ਪੁਲੀਸ ਅਫ਼ਸਰਾਂ ਦੀ ਸਰਪ੍ਰਸਤੀ ਵਿੱਚ ਹੁਣ ਨਸ਼ਾ ਤਸਕਰ ਐਨੇ ਖੂੰਖਾਰ ਹੋ ਗਏ ਨੇ ਕਿ ਉਹ ਇਸ ਘਾਤਕ ਧੰਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਦੀ ਜਾਨ ਲੈਣ ਲਈ ਦਿਨ ਦੀਵੀਂ ਸੰਗਠਤ ਹਮਲੇ ਕਰ ਰਹੇ ਨੇ – ਇਹ ਗੱਲ ਪਿੰਡ ਭਾਈ ਬਖਤੌਰ ਦੇ ਵਾਸੀ ਸਾਬਕਾ ਫੌਜੀ ਰਣਬੀਰ ਸਿੰਘ ਦਾ ਹਾਲ ਪਤਾ ਕਰਨ ਗਏ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਇੱਕ ਵਫਦ ਵਲੋਂ ਕਹੀ ਗਈ ਹੈ। ਜ਼ਿਕਰਯੋਗ ਹੈ ਕਿ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰਤ ਕਰਨ ਤੇ ਖੇਡਾਂ ਵੱਲ ਖਿੱਚਣ ਦੇ ਲਗਾਤਾਰ ਯਤਨ ਕਰ ਰਹੇ ਰਣਬੀਰ ਸਿੰਘ ਫੌਜੀ ਨੂੰ 31 ਮਈ ਸ਼ਾਮ ਨੂੰ ਇਸੇ ਪਿੰਡ ਦੇ ਤਸਕਰਾਂ ਵਲੋਂ ਜਾਨੋ ਮਾਰ ਦੇਣ ਦੇ ਇਰਾਦੇ ਨਾਲ ਬਹੁਤ ਬੁਰੀ ਤਰ੍ਹਾਂ ਫ਼ੱਟੜ ਕਰ ਦਿੱਤਾ ਗਿਆ।
ਕਾਮਰੇਡ ਜਸਬੀਰ ਕੌਰ ਨੱਤ, ਬਲਵਿੰਦਰ ਸਿੰਘ ਘਰਾਂਗਣਾਂ, ਸੁਖਦਰਸ਼ਨ ਸਿੰਘ ਨੱਤ ਅਤੇ ਸੁਖਜੀਤ ਸਿੰਘ ਰਾਮਾਨੰਦੀ ਉਤੇ ਅਧਾਰਤ ਲਿਬਰੇਸ਼ਨ ਦੀ ਇਸ ਟੀਮ ਨੇ ਪਹਿਲਾਂ ਭਾਈ ਬਖਤੌਰ ਜਾ ਕੇ ਪਿੰਡ ਦੇ ਇਕ ਜਾਗਰੂਕ ਨੌਜਵਾਨ ਲਖਬੀਰ ਸਿੰਘ ਲੱਖੀ ਨਾਲ ਮੁਲਾਕਾਤ ਕੀਤੀ। ਲੱਖੀ ਨੇ ਦੱਸਿਆ ਕਿ ਰਣਬੀਰ ਸਿੰਘ ਉਤੇ ਨਸ਼ਾ ਤਸਕਰਾਂ ਵਲੋਂ ਕੀਤੇ ਹਮਲੇ ਬਾਰੇ ਮੇਰੇ ਵਲੋਂ ਇਕ ਵੀਡੀਓ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਖੁੱਲ੍ਹੇ ਆਮ ਚਿੱਟਾ ਵਿਕਣ ਦਾ ਵੇਰਵਾ ਦੇਣ ਕਾਰਨ ਅਗਲੇ ਹੀ ਦਿਨ ਥਾਣਾ ਕੋਟ ਫੱਤਾ ਦੇ ਐਸਐਚਓ ਮੁਨੀਸ਼ ਕੁਮਾਰ ਨੇ ਫੋਰਸ ਸਮੇਤ ਪਿੰਡ ਆ ਕੇ ਮੇਰੀ ਬੇਇੱਜ਼ਤੀ ਕੀਤੀ ਅਤੇ ਮੈਨੂੰ ਚੁੱਕ ਲੈਣ ਦੀ ਸਿੱਧੀ ਧਮਕੀ ਦਿੱਤੀ। ਉਹ ਚਾਹੁੰਦਾ ਸੀ ਕਿ ਮੈਂ ਇਕ ਹੋਰ ਵੀਡੀਓ ਪਾ ਕੇ ਕਿਹਾ ਕਿ ਸਾਡੇ ਪਿੰਡ ਕਿਧਰੇ ਵੀ ਕੋਈ ਨਾ ਚਿੱਟਾ ਵੇਚਦਾ ਹੈ ਤੇ ਨਾ ਲਾਉਂਦਾ ਹੈ ਭਾਵ ਇਹ ਪਿੰਡ ਹੁਣ ਨਸ਼ਾ ਮੁਕਤ ਹੋ ਗਿਆ ਹੈ। ਪਰ ਮੈਂ ਅਜਿਹਾ ਝੂਠ ਬੋਲਣ ਤੋਂ ਇਨਕਾਰ ਕਰ ਦਿੱਤਾ। ਮੇਰੇ ਹੱਕ ਵਿੱਚ ਪਿੰਡ ਵਾਸੀਆਂ ਦਾ ਇੱਕਠ ਹੋ ਜਾਣ ਕਾਰਨ ਉਦੋਂ ਐਸਐਚਓ ਨੂੰ ਵਾਪਸ ਜਾਣਾ ਪਿਆ ਅਤੇ ਮੈਂ ਤੁਰੰਤ ਵਟਸਐਪ ਰਾਹੀਂ ਇਸ ਘਟਨਾ ਬਾਰੇ ਡੀਐਸਪੀ ਮੈਡਮ ਨੂੰ ਸ਼ਿਕਾਇਤ ਭੇਜ ਦਿੱਤੀ। ਬਾਦ ਵਿੱਚ ਪਤਾ ਲੱਗਾ ਹੈ ਕਿ ਕਾਰਵਾਈ ਦੇ ਨਾਂ ‘ਤੇ ਐਸਐਚਓ ਮੁਨੀਸ਼ ਕੁਮਾਰ ਨੂੰ ਸਿਰਫ ਲਾਈਨ ਹਾਜ਼ਰ ਹੀ ਕੀਤਾ ਗਿਆ ਹੈ।
ਪਾਰਟੀ ਦੀ ਟੀਮ ਨੇ ਬਠਿੰਡਾ ਪਹੁੰਚ ਕੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ-ਇਲਾਜ ਰਣਬੀਰ ਸਿੰਘ ਦੀ ਹਾਲਤ ਅਤੇ ਉਸ ਉੱਤੇ ਹੋਏ ਹਮਲੇ ਬਾਰੇ ਉਥੇ ਹਾਜ਼ਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਰਣਵੀਰ ਸਿੰਘ ਦੀ ਭੈਣ ਨੇ ਸਾਨੂੰ ਦਸਿਆ ਕਿ ਉਸ ਦਿਨ ਤਿੰਨ ਹਮਲਾਵਰਾਂ ਕੁਲਦੀਪ ਉਰਫ਼ ਕਾਲਾ, ਗੁਰਪ੍ਰੀਤ ਉਰਫ਼ ਪ੍ਰੀਤਾ ਅਤੇ ਇਕ ਅਣਪਛਾਤੇ ਨੇ ਖੇਤੋਂ ਮੁੜੇ ਰਣਬੀਰ ਸਿੰਘ ਉਤੇ ਅਚਾਨਕ ਹਮਲਾ ਕਰਕੇ ਉਸ ਦੀਆਂ ਦੋਵੇਂ ਲੱਤਾਂ ਭਾਰੀ ਹਥਿਆਰਾਂ ਨਾਲ ਚਕਨਾਚੂਰ ਕਰ ਦਿੱਤੀਆਂ। ਜੇਕਰ ਕਈ ਆਂਢੀ ਗੁਆਂਢੀ ਰੌਲਾ ਪਾਉਂਦੇ ਉਸ ਨੂੰ ਬਚਾਉਣ ਮੌਕੇ ਤੇ ਨਾ ਆਉਂਦੇ, ਤਾਂ ਹਮਲਾਵਰਾਂ ਨੇ ਮੇਰੇ ਭਰਾ ਨੂੰ ਜਾਨੋਂ ਮਾਰ ਦੇਣਾ ਸੀ। ਨਸ਼ਾ ਵੇਚਣ ਵਾਲੇ ਇੰਨਾਂ ਹਮਲਾਵਰ ਦੀ ਰਣਬੀਰ ਸਿੰਘ ਨਾਲ਼ ਰੰਜਿਸ਼ ਇਹ ਸੀ ਕਿ ਪਹਿਲਾਂ ਪਿੰਡ ਵਿੱਚ ਸਾਡੇ ਧੰਦੇ ਨੂੰ ਰੋਕਣ ਲਈ ਫੌਜੀ ਨੇ ਮੂਹਰੇ ਲੱਗ ਕੇ ਨਸ਼ਾ ਰੋਕੂ ਕਮੇਟੀ ਬਣਾਈ ਅਤੇ ਹੁਣ ਵੀ ਸਾਡਾ ਧੰਦਾ ਬੰਦ ਕਰਵਾਉਣ ਲਈ ਇਹ ਲਗਾਤਾਰ ਪ੍ਰਚਾਰ ਕਰਦਾ ਹੈ। ਹਮਲੇ ਤੋਂ ਬਾਅਦ ਇੰਨਾਂ ਬਦਮਾਸ਼ਾਂ ਨੇ ਦਹਿਸ਼ਤ ਪਾਉਣ ਲਈ ਫਾਇਰਿੰਗ ਵੀ ਕੀਤੀ ਅਤੇ ਪਿਸਤੌਲ ਬੰਦੂਕਾਂ ਲਹਿਰਾਉਂਦੇ ਹੋਏ ਗਾਲਾਂ ਧਮਕੀਆਂ ਦਿੰਦੇ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ। ਇੰਨਾਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਪੰਜ ਪੰਜ ਪਰਚੇ ਦਰਜ ਹਨ ਅਤੇ ਸਿਰਫ਼ ਸਤਾਰਾਂ ਦਿਨ ਪਹਿਲਾਂ ਹੀ ਇਹ ਜ਼ਮਾਨਤ ਉਤੇ ਜੇਲੋਂ ਬਾਹਰ ਆਏ ਸਨ। ਇਸ ਤਾਜ਼ਾ ਵਾਰਦਾਤ ਵਿੱਚ ਹੁਣ ਤੱਕ ਪੁਲਿਸ ਨੇ ਸਿਰਫ ਦੋ ਹਮਲਾਵਰਾਂ ਨੂੰ ਹੀ ਫੜਿਆ ਹੈ।
ਲਿਬਰੇਸ਼ਨ ਦੀ ਟੀਮ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਐਫ਼ਆਈਆਰ ਵਿੱਚ ਜੁਰਮਾਂ ਦਾ ਵਾਧਾ ਕਰਕੇ ਹਮਲਾਵਰ ਤਸਕਰਾਂ ਖਿਲਾਫ਼ ਪਿੰਡ ਵਿੱਚ ਗੋਲੀਬਾਰੀ ਕਰਨ ਅਤੇ ਨਜਾਇਜ਼ ਅਸਲਾ ਰੱਖਣ ਦੀਆਂ ਧਾਰਾਵਾਂ ਵੀ ਜੋੜੀਆਂ ਜਾਣ। ਤਸਕਰਾਂ ਨਾਲ ਮਿਲੀਭੁਗਤ ਰੱਖਣ ਅਤੇ ਲਖਬੀਰ ਸਿੰਘ ਨੂੰ ਨਜਾਇਜ਼ ਤੌਰ ‘ਤੇ ਧਮਕਾਉਣ ਬਦਲੇ ਐਸ ਐਚ ਓ ਮੁਨੀਸ਼ ਕੁਮਾਰ ਖ਼ਿਲਾਫ਼ ਵੀ ਕੇਸ ਦਰਜ ਕਰਕੇ ਉਸ ਨੂੰ ਮੁਅੱਤਲ ਤੇ ਗ੍ਰਿਫਤਾਰ ਕੀਤਾ ਜਾਵੇ ਅਤੇ ਨਸ਼ਿਆਂ ਨੂੰ ਰੋਕਣ ਬਦਲੇ ਬੁਰੀ ਤਰ੍ਹਾਂ ਵੱਢੇ ਟੁੱਕੇ ਤੇ ਅਪਾਹਜ ਕਰ ਦਿੱਤਾ ਗਏ ਫੌਜੀ ਰਣਬੀਰ ਸਿੰਘ ਦਾ ਇਲਾਜ ਖੁਦ ਸਰਕਾਰ ਵਲੋਂ ਕਿਸੇ ਸਭ ਤੋਂ ਵਧੀਆ ਹਸਪਤਾਲ ਵਿੱਚ ਕਰਵਾਇਆ ਜਾਵੇ, ਹੋਏ ਗੰਭੀਰ ਨੁਕਸਾਨ ਦੀ ਪੂਰਤੀ ਲਈ ਉਸ ਨੂੰ ਢੁੱਕਵਾਂ ਇਵਜਾਨਾ, ਉਸ ਦੇ ਬੇਟੇ ਨੂੰ ਯੋਗਤਾ ਮੁਤਾਬਿਕ ਨੌਕਰੀ ਅਤੇ ਰਣਬੀਰ ਸਿੰਘ ਤੇ ਲਖਬੀਰ ਸਿੰਘ ਦੇ ਪਰਿਵਾਰਾਂ ਨੂੰ ਪੂਰੀ ਸੁਰਖਿਆ ਪ੍ਰਦਾਨ ਕੀਤੀ ਜਾਵੇ।












